ਜ਼ਿਲਾ ਕੰਪਲੈਕਸ ''ਚ ਪਾਰਕਿੰਗ ਠੇਕੇਦਾਰਾਂ ਦੀ ਗੁੰਡਾਗਰਦੀ, ਸਿੱਖ ਵਿਅਕਤੀ ਨਾਲ ਕੁੱਟਮਾਰ

06/10/2018 7:35:38 AM

ਬਰਨਾਲਾ (ਵਿਵੇਕ ਸਿੰਧਵਾਨੀ, ਗੋਇਲ) - ਜ਼ਿਲਾ ਬਰਨਾਲਾ ਵੀ. ਵੀ.ਆਈ. ਪੀ. ਜ਼ਿਲਾ ਕੰਪਲੈਕਸ 'ਚ ਅਫਸਰਾਂ ਦੀ ਨੱਕ ਹੇਠ ਪਾਰਕਿੰਗ ਦੇ ਠੇਕੇਦਾਰ ਤੇ ਉਸ ਦੇ ਕਰਿੰਦਿਆਂ ਵਲੋਂ ਇਕ ਮਹੀਨੇ 'ਚ ਦੂਜੀ ਵਾਰ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਠੇਕੇਦਾਰਾਂ ਵਲੋਂ 5 ਜੂਨ ਨੂੰ ਗੁੰਡਾਗਰਦੀ ਕਰਦੇ ਹੋਏ ਇਕ ਸਿੱਖ ਵਿਅਕਤੀ ਬਲੌਰ ਸਿੰਘ ਵਾਸੀ ਸੰਘੇੜਾ ਦੀ ਦਸਤਾਰ ਉਤਾਰ ਕੇ ਉਸ ਦੀ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਜ਼ਿਲਾ ਪ੍ਰਸ਼ਾਸਨ ਚੁੱਪ ਰਿਹਾ। ਇਸ ਨਾਲ ਇਕ ਮਹੀਨੇ ਪਹਿਲਾਂ ਵੀ ਪਾਰਕਿੰਗ ਠੇਕੇਦਾਰ ਤੇ ਉਨ੍ਹਾਂ ਦੇ ਕਰਿੰਦਿਆਂ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਸੀ ਪਰ ਜ਼ਿਲਾ ਪ੍ਰਸ਼ਾਸਨ ਨੇ ਉਸ ਘਟਨਾ ਵੱਲ ਵੀ ਅਜੇ ਤਕ ਧਿਆਨ ਨਹੀਂ ਦਿੱਤਾ ਗਿਆ। 
ਨੈਸ਼ਨਲ ਐਂਟੀ ਕਰਪਸ਼ਨ ਕੌਂਸਲ ਆਫ ਇੰਡਿਆ ਨੇ ਚੁੱਕਿਆ ਮੁੱਦਾ
ਨੈਸ਼ਨਲ ਐਂਟੀ ਕਰਪਸ਼ਨ ਕੌਂਸਲ ਆਫ ਇੰਡਿਆ ਦੇ ਪ੍ਰੈਜ਼ੀਡੈਂਟ ਭਾਰਤ ਭੂਸ਼ਣ ਨੇ ਪਾਰਕਿੰਗ ਠੇਕੇਦਾਰ ਤੇ ਉਸ ਦੇ ਕਰਿੰਦਿਆਂ ਵਲੋਂ ਸਿੱਖ ਵਿਅਕਤੀ ਦੀ ਦਸਤਾਰ ਉਤਾਰ ਕੇ ਉਸ ਦੀ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਨੂੰ ਧਿਆਨ 'ਚ ਲੈਂਦੇ ਹੋਏ, ਇਸ ਸਬੰਧੀ ਚੇਅਰਮੈਨ ਹਿਊਮਨ ਰਾਈਟਸ ਕਮੀਸ਼ਨ ਆਫ ਇੰਡੀਆ, ਮੁੱਖ ਮੰਤਰੀ ਪੰਜਾਬ, ਚੀਫ ਪ੍ਰਿੰਸੀਪਲ ਸੈਕ੍ਰੇਟਰੀ ਪੰਜਾਬ ਗਵਰਨਮੈਂਟ ਤੇ ਡੀ. ਜੀ. ਪੀ. ਪੰਜਾਬ ਨੂੰ ਇਸ ਵੀਡੀਓ ਦਾ ਕਲਿੱਪ ਤੇ ਮੇਲ ਭੇਜ ਕੇ ਦੋਸ਼ੀਆਂ ਖਿਲਾਫ ਤੁੰਰਤ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਇਨ੍ਹਾਂ ਅਸਮਾਜਿਕ ਤੱਤਾਂ (ਪਾਰਕਿੰਗ ਠੇਕੇਦਾਰਾਂ) ਤੋਂ ਇਹ ਠੇਕਾ ਵਾਪਸ ਲੈ ਕੇ ਕਿਸੇ ਏਜੰਸੀ ਨੂੰ ਦਿੱਤਾ ਜਾਵੇ।