ਛੋਟੇ ਬਾਦਲ ਨੇ ਦਿੱਤਾ ਧੱਕਾ, ਵੱਡੇ ਬਾਦਲ ਨੇ ਫੜੀ ਬਾਂਹ

01/18/2019 12:38:50 PM

ਜਲੰਧਰ (ਬੁਲੰਦ)— ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਨ੍ਹਾਂ ਨੀਤੀਆਂ 'ਤੇ ਖੜ੍ਹਾ ਕੀਤਾ ਤੇ ਜਿਸ ਨਰਮਦਿਲੀ ਨਾਲ ਪਾਰਟੀ ਦਾ ਕੱਦ ਵੱਡਾ ਕੀਤਾ ਹੈ, ਉਸ ਨੂੰ ਅਗਲੀ ਪੀੜ੍ਹੀ ਅਪਣਾਉਣ 'ਚ ਫੇਲ ਸਾਬਿਤ ਹੋਈ ਹੈ। ਇਸ ਦਾ ਸਬੂਤ ਬੀਤੇ ਦਿਨੀਂ ਲੁਧਿਆਣਾ ਵਿਚ ਵੇਖਣ ਨੂੰ ਮਿਲਿਆ, ਜਿੱਥੇ ਸੀਨੀਅਰ ਬਾਦਲ ਨੇ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਣ ਲਈ ਤਿਆਰ ਬੈਠੇ 4 ਅਕਾਲੀ ਆਗੂਆਂ ਵਿਚੋਂ 2 ਨੂੰ ਮਨਾ ਕੇ ਕਾਂਗਰਸ ਵਿਚ ਜਾਣ ਤੋਂ ਰੋਕਣ ਵਿਚ ਸਫਲਤਾ ਹਾਸਲ ਕੀਤੀ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਡੈਮੇਜ਼ ਕੰਟਰੋਲ ਦੀ ਨੀਤੀ ਵਿਚ ਲੁਧਿਆਣਾ 'ਚ ਬਾਦਲ ਚਰਚਾ ਵਿਚ ਆ ਗਏ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਲੁਧਿਆਣੇ ਦੌਰੇ ਦੇ ਦੌਰਾਨ ਪ੍ਰੀਸ਼ਦ ਨਿਰਮਲ ਸਿੰਘ ਸੰਧੂ ਅਤੇ ਰਾਜਿੰਦਰ ਸਿੰਘ ਰਾਜੂ ਮਾਨ ਦੇ ਨਾਲ ਬੰਦ ਕਮਰੇ ਵਿਚ ਬੈਠਕ ਕਰ ਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਨਾ ਛੱਡਣ 'ਤੇ ਸਹਿਮਤ ਕੀਤਾ। ਅਕਾਲੀ ਸੂਤਰਾਂ ਦੀ ਮੰਨੀਏ ਤਾਂ 2 ਹੋਰ ਅਕਾਲੀ ਆਗੂ ਹਰਨਾਮ ਅਤੇ ਬਲਜੀਤ ਸਿੰਘ ਨੂੰ ਮਨਾਉਣ ਵਿਚ ਵੱਡੇ ਬਾਦਲ ਅਸਫਲ ਰਹੇ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਅਕਾਲੀ ਸੂਤਰਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਲੁਧਿਆਣਾ ਵਿਚ ਕੁੱਝ ਕਾਂਗਰਸੀ ਆਗੂਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਲਈ ਪਹੁੰਚੇ ਸਨ ਪਰ ਕੁੱਝ ਅਕਾਲੀ ਆਗੂਆਂ ਨੇ ਇਸ ਗੱਲ ਦਾ ਵਿਰੋਧ ਕੀਤਾ। ਉਕਤ ਕਾਂਗਰਸੀਆਂ ਨੇ ਅਕਾਲੀ ਦਲ ਦਾ ਕਾਫੀ ਨੁਕਸਾਨ ਕੀਤਾ ਹੈ ਤੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਅਕਾਲੀ ਆਗੂਆਂ ਨੂੰ ਵਿਸ਼ਵਾਸ ਵਿਚ ਨਹੀਂ ਲਿਆ ਗਿਆ। ਜਿਸ ਦੇ ਵਿਰੋਧ ਵਿਚ ਇਨ੍ਹਾਂ ਅਕਾਲੀ ਆਗੂਆਂ ਨੇ ਦੱਸਿਆ  ਕਿ ਅਕਾਲੀ ਦਲ ਵਿਚ ਪੀ. ਏ. ਕਲਚਰ ਵਧ ਗਿਆ ਹੈ। ਵੱਡੇ ਨੇਤਾ ਛੋਟੇ ਵਰਕਰਾਂ ਅਤੇ ਨੇਤਾਵਾਂ ਨਾਲ ਸੰਪਰਕ ਨਹੀਂ ਕਰ ਰਹੇ। ਪੀ. ਏ. ਹੀ ਵੱਡੇ ਨੇਤਾਵਾਂ ਦਾ ਸਾਰਾ ਕੰਮ ਸਾਂਭ ਰਹੇ ਹਨ, ਜਿਸ ਨਾਲ ਅਕਾਲੀ ਦਲ ਨੂੰ ਭਾਰੀ ਨੁਕਸਾਨ ਹੋਣਾ ਤੈਅ ਹੈ। ਸੁਖਬੀਰ ਅਤੇ ਹਰਸਿਮਰਤ ਨੇ ਇਨ੍ਹਾਂ ਅਕਾਲੀ ਨੇਤਾਵਾਂ ਦੇ ਵਿਰੋਧ ਦੀ ਪ੍ਰਵਾਹ ਕੀਤੇ ਬਗੈਰ ਕਾਂਗਰਸੀ ਨੇਤਾਵਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਨੇਤਾਵਾਂ ਨੇ ਅਸਤੀਫੇ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਹਰਸਿਮਰਤ ਅਤੇ ਸੁਖਬੀਰ ਨੇ ਮੂੰਹ ਜ਼ੁਬਾਨੀ ਸਵੀਕਾਰ ਵੀ ਕਰ ਲਿਆ ਸੀ ਪਰ ਸ਼ਾਇਦ ਆਪਣੇ ਖੂਨ-ਪਸੀਨੇ ਨਾਲ ਖੜ੍ਹੀ ਕੀਤੀ ਗਈ ਇਸ ਪਾਰਟੀ ਨੂੰ ਵੱਡੇ ਬਾਦਲ ਟੁੱਟਦਾ ਨਹੀਂ ਵੇਖ ਸਕਦੇ। ਇਸ ਲਈ ਖਾਸ ਤੌਰ 'ਤੇ ਉਹ ਲੁਧਿਆਣਾ ਵਿਚ ਨਾਰਾਜ਼ ਕੌਂਸਲਰਾਂ ਨੂੰ ਮਨਾਉਣ ਪਹੁੰਚੇ ਅਤੇ 4 ਵਿਚੋਂ 2 ਨੇਤਾਵਾਂ ਨੂੰ ਮਨਾਉਣ ਵਿਚ ਸਫਲ ਰਹੇ।

cherry

This news is Content Editor cherry