ਜਨਤਾ ਦੀ ਤਾਕਤ ਸਰਕਾਰ ਦੀ ਤਾਕਤ ਤੋਂ ਕਿਤੇ ਵੱਧ ਹੁੰਦੀ : ਬਾਦਲ

04/24/2017 1:58:31 AM

ਗਿੱਦੜਬਾਹਾ (ਕੁਲਭੂਸ਼ਨ,ਰਾਠੌੜ) : ਗਿੱਦੜਬਾਹਾ ਵਿਖੇ ਬੀਤੇ ਕੁਝ ਦਿਨਾਂ ਦਰਮਿਆਨ ਹੋਈਆਂ ਮੰਦਭਾਗੀਆਂ ਘਟਨਾਵਾਂ ''ਤੇ ਪੀੜਤ ਪਰਿਵਾਰਾਂ ਦਾ ਹਾਲ ਜਾਣਨ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਗਿੱਦੜਬਾਹਾ ਵਿਖੇ ਪਹੁੰਚੇ। ਇਸ ਮੌਕੇ ਸਾਬਕਾ ਮੁੱਖ ਮੰਤਰੀ .ਬਾਦਲ ਸਭ ਤੋਂ ਪਹਿਲਾਂ ਲਾਲ ਕੋਠੀ ਡਿਸਪੋਜ਼ਲ ਵਿਖੇ ਹਾਦਸੇ ਦੌਰਾਨ ਮਾਰੇ ਗਏ ਪਿਤਾ ਪੁੱਤਰ (ਮ੍ਰਿਤਕ ਲਾਲ ਚੰਦ ਅਤੇ ਬਿੱਟੂ ਕੁਮਾਰ) ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਤੋਂ ਉਪਰੰਤ ਬਾਦਲ ਬੀਤੇ ਦਿਨੀਂ ਸਬਜ਼ੀ ਮੰਡੀ ਵਿਖੇ ਆਪਣੇ ਆਪ ਨੂੰ ਅੱਗ ਲਗਾਉਣ ਵਾਲੇ ਮਨੀਸ਼ ਕੁਮਾਰ ਜੋ ਕਿ ਬਠਿੰਡਾ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ, ਦੇ ਘਰ ਪੁੱਜੇ ਜਿੱਥੇ ਉਨ੍ਹਾਂ ਮੁਨੀਸ਼ ਕੁਮਾਰ ਦੀ ਮਾਤਾ ਸ਼ੁਸਮਾ ਰਾਣੀ ਅਤੇ ਭੈਣ ਡਿੰਪਲ ਸਮੇਤ ਬਾਕੀ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਮੁਨੀਸ਼ ਕੁਮਾਰ ਨਾਲ ਵਾਪਰੀ ਇਸ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਲਈ।
ਇਸ ਮੌਕੇ ਪੀੜਤ ਮਨੀਸ਼ ਕੁਮਾਰ ਦੀ ਮਾਤਾ ਸ਼ੁਸਮਾ ਰਾਣੀ ਤੇ ਭੈਣ ਡਿੰਪਲ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਉਕਤ ਕੇਸ ਸੰਬੰਧੀ ਆਈ ਏ.ਡੀ.ਸੀ. ਸ੍ਰੀ ਮੁਕਤਸਰ ਸਾਹਿਬ ਦੀ ਰਿਪੋਰਟ ਤੋਂ ਪੂਰੀ ਤਰ੍ਹਾਂ ਨਾਲ ਅਸ਼ੰਤੁਸ਼ਟ ਹਨ ਕਿਉਂਕਿ ਜਾਂਚ ਅਧਿਕਾਰੀਆਂ ਵੱਲੋਂ ਉਕਤ ਮਾਮਲੇ ਦੇ ਕਥਿਤ ਦੋਸ਼ੀਆਂ ''ਚੋਂ ਸਿਰਫ ਰਾਧੇ ਸ਼ਾਮ ਛਾਬੜਾ ਅਤੇ ਮਨੂੰ ਛਾਬੜਾ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦੋਂਕਿ ਬਾਕੀ ਰਹਿੰਦੇ ਦੋਸ਼ੀਆ ਨੂੰ ਬੇਗੁਨਾਹ ਕੱਢ ਦਿੱਤਾ ਹੈ ਅਤੇ ਜੇਕਰ ਸਾਨੂੰ ਇੰਨਸਾਫ ਨਾ ਮਿਲਿਆ ਤਾਂ ਪਰਿਵਾਰ ਅੱਗੇ ਕੋਈ ਵੀ ਐਕਸ਼ਨ ਲੈ ਸਕਦਾ ਹੈ। ਇਸ ਸੰਬੰਧੀ ਬਾਦਲ ਵੱਲੋਂ ਮੌਕੇ ''ਤੇ ਜ਼ਿਲਾ ਸ੍ਰੀ ਮੁਕਸਤਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨਾਲ ਫੋਨ ''ਤੇ ਗੱਲਬਾਤ ਕੀਤੀ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਇਸ ਉਪਰੰਤ ਬਾਦਲ ਹਾਊਸਫੈੱਡ ਦੇ ਚੇਅਰਮੈਨ ਐਡਵੋਕੇਟ ਗੁਰਮੀਤ ਸਿੰਘ ਮਾਨ ਦੇ ਘਰ ਉਨ੍ਹਾਂ ਦੇ ਪਿਤਾ ਸਵ.ਹਾਕਮ ਸਿੰਘ ਮਾਨ ਦੀ ਮੌਤ ''ਤੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਪੁੱਜੇ। ਇਸ ਤੋਂ ਬਾਅਦ ਬਾਦਲ ਗਿੱਦੜਬਾਹਾ ਵਿਖੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਦੇ ਘਰ ਪੁੱਜੇ। ਵਰਣਨਯੋਗ ਹੈ ਕਿ ਸ਼ਿਵਰਾਜ ਸਿੰਘ ਰਾਜੂ ਦੀ ਕੁਝ ਦਿਨ ਪਹਿਲਾਂ ਕੁਝ ਕਾਂਗਰਸੀ ਆਗੂਆਂ ਵੱਲੋਂ ਕਥਿਤ ਤੌਰ ''ਤੇ ਮਾਰਕੁੱਟ ਕਰਨ ਅਤੇ ਜਲੀਲ ਕੀਤਾ ਸੀ। ਇਸ ਮੌਕੇ ਬਾਦਲ ਨੇ ਪੀੜਤ ਪੱਤਰਕਾਰ ਰਾਜੂ ਨਾਲ ਗੱਲਬਾਤ ਕੀਤੀ ਅਤੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ।
ਮਨੀਸ਼ ਕੁਮਾਰ ਦੇ ਮਾਮਲੇ ਵਿਚ ਪਰਿਵਾਰ ਵੱਲੋਂ ਆਈ ਰਿਪੋਰਟ ਤੇ ਅੰਸਤੁਸ਼ਟੀ ਜ਼ਾਹਿਰ ਕਰਨ ਸਬੰਧੀ ਬਾਦਲ ਨੇ ਕਿਹਾ ਕਿ ਉਨ੍ਹਾਂ ਡੀ.ਸੀ. ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਕਿ ਪਬਲਿਕ ਦੀ ਪਾਵਰ ਸਰਕਾਰ ਦੀ ਪਾਵਰ ਤੋਂ ਕਿੱਤੇ ਜ਼ਿਆਦਾ ਹੁੰਦੀ ਹੈ ਅਤੇ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਫਿਰ ਪਬਲਿਕ ਨੂੰ ਆਪਣੀ ਤਾਕਤ ਦਾ ਮੁਜ਼ਾਹਰਾ ਕਰਕੇ ਇਨਸਾਫ ਲੈਣਾ ਪੈਂਦਾ ਹੈ। ਉਨ੍ਹਾਂ ਆਪਣੇ ਵਰਕਰਾਂ ਨੂੰ ਉਕਤ ਸਰਕਾਰ ਦਾ ਡੱਟ ਕੇ ਮੁਕਾਬਲਾ ਕਰਨ ਲਈ ਕਿਹਾ।

Gurminder Singh

This news is Content Editor Gurminder Singh