ਪ੍ਰਕਾਸ਼ ਸਿੰਘ ਬਾਦਲ ਦਾ ਕਾਂਗਰਸ ''ਤੇ ਵਾਰ ਕਿਹਾ, ਆਪਣੀਆਂ ਕਮੀਆਂ ਲੁਕਾਉਣ ਲਈ ਗਠਜੋੜ ਨੂੰ ਬਣਾ ਰਹੇ ਨਿਸ਼ਾਨਾ

10/30/2017 4:31:02 PM

ਬਠਿੰਡਾ (ਅਮਿਤ ਸ਼ਰਮਾ) — ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੋਮਵਾਰ ਆਪਣਾ ਰੂਟੀਨ ਚੈਕਅਪ ਕਰਵਾਉਣ ਲਈ ਬਠਿੰਡਾ ਦੇ ਮੈਕਸ ਹਸਪਤਾਲ 'ਚ ਪਹੁੰਚੇ, ਇਸ ਮੌਕੇ ਉਨ੍ਹਾਂ ਨੇ ਕਾਂਗਰਸ ਸਰਕਾਰ ਦੇ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦੇ ਨਾਲ ਵੀ ਧੋਖਾ ਕੀਤਾ ਹੈ। ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਤੇ ਹੁਣ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਿਜਲੀ ਰੇਟਾਂ 'ਚ ਵਾਧਾ ਹੋਣ 'ਤੇ ਅਕਾਲੀ-ਭਾਜਪਾ ਸਰਕਾਰ 'ਤੇ ਠੀਕਰਾ ਭੰਨ ਰਹੀ ਹੈ ਬਿਜਲੀ ਦੇ ਰੇਟਾਂ 'ਚ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਗੋਂ ਸਰਕਾਰ ਆਪਣੀਆਂ ਕਮੀਆਂ ਲੁਕਾਉਣ ਲਈ ਅਕਾਲੀ-ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ।
ਉਥੇ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਸੁਵਿਧਾਵਾਂ ਮੁੱਹਈਆ ਕਰਵਾਉਣ ਦੀ ਬਜਾਇ ਉਨ੍ਹਾਂ 'ਤੇ ਟੈਕਸ ਤੇ ਮਹਿੰਗਾਈ ਦਾ ਬੋਝ ਪਾ ਦਿੱਤਾ ਹੈ ਸਾਰੇ ਵਿਕਾਸ ਕੰਮ ਬੰਦ ਕਰ ਦਿੱਤੇ ਹਨ, ਇਸ ਦੇ ਨਾਲ ਹੀ 10 ਸਾਲ ਦੌਰਾਨ ਅਕਾਲੀ ਦਲ ਨੇ ਕਿਸੇ ਵੀ ਨਿਰਦੋਸ਼ ਵਿਅਕਤੀ 'ਤੇ ਕੋਈ ਕੇਸ ਦਰਜ ਨਹੀਂ ਕਰਵਾਇਆ, ਜਦ ਕਿ ਕਾਂਗਰਸ ਹੁਣ ਝੂਠੇ ਕੇਸ ਕਰਵਾ ਰਹੀ ਹੈ। ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ 'ਤੇ ਹਮਲਾ ਕਰਨ ਤੋਂ ਬਾਅਦ ਦੋਸ਼ੀਆਂ ਨੇ ਹੀ ਖੁਦ ਨੂੰ ਪੀੜਤ ਦੱਸ ਕੇ ਪੁਲਸ ਕਾਰਵਾਈ ਕਰਵਾ ਦਿੱਤੀ, ਜੋ ਕਿ ਸਰਾਸਰ ਗਲਤ ਹੈ।
ਉਥੇ ਹੀ ਬਿਕਰਮਜੀਤ ਮਜੀਠੀਆ ਉਪਰ ਲਗਾਏ ਜਾ ਰਹੇ ਦੋਸ਼ੀਆਂ 'ਤੇ ਬਾਦਲ ਨੇ ਕਿਹਾ ਕਿ ਮਜੀਠੀਆ 'ਤੇ ਲਗਾਏ ਜਾ ਰਹੇ ਦੋਸ਼ਾਂ ਸੰਬੰਧੀ ਇੰਨਾ ਕੋਲ ਕੋਈ ਸਬੂਤ ਨਹੀਂ ਹੈ ਤੇ ਨਾ ਹੀ ਉਹ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਕਿਸੇ ਐੱਮ. ਐੱਲ. ਏ. ਦੇ ਕਹਿਣ ਨਾਲ ਕੋਈ ਦੋਸ਼ੀ ਨਹੀਂ ਬਣ ਜਾਂਦਾ। ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਕਲ ਅਸੈਂਬਲੀ ਦੇ ਮੈਂਬਰ ਇਹ ਵੀ ਕਹਿ ਸਕਦੇ ਹਨ ਕਿ ਬਾਦਲ ਨੂੰ ਗ੍ਰਿਫਤਾਰ ਕਰੋ ਪਰ ਇਥੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਹ ਖੁਸ਼ ਹੋਣਗੇ ਕਿਉਂਕਿ ਪੰਜਾਬ ਦੇ ਮਸਲਿਆਂ 'ਤੇ ਪਹਿਲਾਂ ਵੀ 19 ਮਹੀਨੇ ਉਹ ਜੇਲ 'ਚ ਰਹੇ ਹਨ ਤੇ ਐਮਰਜੰਸੀ ਦੌਰਾਨ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਹੈ।