ਕੈਪਟਨ ਦੀ ਸੁਰੱਖਿਆ ਲੈਣ ਤੋਂ ਵੱਡੇ ਬਾਦਲ ਦੀ ਕੋਰੀ ਨਾਂਹ

10/18/2018 10:35:42 AM

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਰੱਖਿਆ ਦੀ ਪੇਸ਼ਕਸ਼ ਨੂੰ ਕੋਰੀ ਨਾਂਹ ਕਰ ਦਿੱਤੀ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਸੁਰੱਖਿਆ ਦੀ ਲੋੜ ਨਹੀਂ ਹੈ ਅਤੇ ਜੇਕਰ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਉਨ੍ਹਾਂ ਨੂੰ ਜਾਨ ਵੀ ਵਾਰਨੀ ਪਈ ਤਾਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸ਼ਾਂਤੀ ਅਤੇ ਫਿਰਕੂ ਸਾਂਝ ਨੂੰ ਬਚਾਉਣ ਲਈ ਸੂਬੇ ਨੂੰ ਖਤਰਨਾਕ ਅਰਾਜਕਤਾ ਵੱਲ ਧੱਕੇ ਜਾਣ ਤੋਂ ਰੋਕਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਗਰਮ ਖਿਆਲੀ ਸਿਆਸਤ ਅਤੇ ਖਤਰਨਾਕ ਨਾਅਰਿਆਂ ਪਿੱਛੇ ਹਮੇਸ਼ਾ ਕਾਂਗਰਸ ਪਾਰਟੀ ਰਹੀ ਹੈ, ਜਿਸ ਦਾ ਮੁੱਖ ਮੰਤਵ ਸਿੱਖਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਆਪਣੇ ਪਵਿੱਤਰ ਗੁਰਧਾਮਾਂ ਦੀ ਸੇਵਾ ਕਰਨ ਤੋਂ ਵਾਂਝੇ ਕਰਨਾ ਹੈ। ਉਨ੍ਹਾਂ ਕੈਪਟਨ 'ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਅਤੇ ਉਸ ਦੇ ਸਾਥੀ ਮੰਤਰੀ ਸਾਜਿਸ਼ਾਂ ਅਧੀਨ ਅਜਿਹਾ ਬਦ ਅਮਨੀ ਵਾਲਾ ਮਾਹੌਲ ਬਣਾ ਰਹੇ ਹਨ, ਜਿਸ ਨਾਲ ਪੰਜਾਬ 'ਚ ਮੁੜ 1984 ਵਾਲੇ ਹਾਲਾਤ ਬਣ ਜਾਣ, ਜੋ ਪੰਜਾਬ ਅਤੇ ਪੰਜਾਬੀਆਂ ਲਈ ਬੇਹੱਦ ਘਾਤਕ ਹੋਵੇਗਾ।
ਕੈਪਟਨ ਨੇ ਇਸ ਲਈ ਕੀਤੀ ਸੀ ਸੁਰੱਖਿਆ ਦੀ ਪੇਸ਼ਕਸ਼
ਦਰਅਸਲ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ 'ਚੋਂ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਦਮਾਸ਼ਾਂ ਦੇ ਸਬੰਧ ਖਾਲਿਸਤਾਨੀ ਅੱਤਵਾਦੀਆਂ ਨਾਲ ਸਨ, ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕਰਨ ਦੀ ਯੋਜਨਾ ਤਿਆਰ ਕਰ ਰਹੇ ਸਨ। ਇਸ ਤੋਂ ਬਾਅਦ ਪੰਜਾਬ ਦੀ ਕੈਪਟਨ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਪੰਜਾਬ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਤਰੀਕੇ ਦੀ ਸੁਰੱਖਿਆ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ, ਜਿਸ ਨੂੰ ਲੈਣ ਤੋਂ ਵੱਡੇ ਬਾਦਲ ਨੇ ਇਨਕਾਰ ਕਰ ਦਿੱਤਾ।