ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਕੈਪਟਨ ਤੇ ਰੰਧਾਵਾ ਹਾਮੀ ਭਰਨ ਤਾਂ ਨੰਗੇ ਪੈਰੀਂ ਚੱਲ ਕੇ ਜਾਣ ਲਈ ਤਿਆਰ ਹਾਂ : ਬਾਦਲ

05/06/2018 7:19:01 AM

ਲੰਬੀ(ਜੁਨੇਜਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਕਹਿਣ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਣਾ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਕੋਲ ਨੰਗੇ ਪੈਰੀਂ ਜਾਣ ਲਈ ਤਿਆਰ ਹਾਂ। ਸ. ਬਾਦਲ ਅੱਜ ਆਪਣੇ ਹਲਕੇ ਲੰਬੀ ਦੇ ਪਿੰਡਾਂ ਵਿਚ ਪਿਛਲੇ ਦਿਨਾਂ ਵਿਚ ਵੱਖ-ਵੱਖ ਪਰਿਵਾਰਾਂ ਵਿਚ ਹੋਈਆਂ ਮੌਤਾਂ ਸਬੰਧੀ ਸ਼ੋਕ ਪ੍ਰਗਟ ਕਰਨ ਲਈ ਪਾਰਟੀ ਵਰਕਰਾਂ ਦੇ ਘਰਾਂ 'ਚ ਗਏ ਸਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਮੰਤਰੀ ਰੰਧਾਵਾ ਨੇ ਬਾਦਲ ਪਰਿਵਾਰ ਦੇ ਨਜ਼ਦੀਕੀ ਅਤੇ ਸਹਿਕਾਰੀ ਬੈਂਕਾਂ ਦੇ ਜ਼ਿਲੇ ਦੇ ਵੱਡੇ ਡਿਫਾਲਟਰ ਦਿਆਲ ਸਿੰਘ ਕੋਲਿਆਂਵਾਲੀ ਵਿਰੁੱਧ ਕਾਰਵਾਈ ਸਬੰਧੀ ਦਿੱਤੇ ਬਿਆਨ ਨਾਲ ਇਹ ਵੀ ਕਿਹਾ ਸੀ ਕਿ ਜੇਕਰ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਕਹਿ ਦੇਵੇ ਕਿ ਕੋਲਿਆਂਵਾਲੀ ਗਰੀਬ ਕਿਸਾਨ ਹੈ ਤਾਂ ਸਰਕਾਰ ਉਸ ਦਾ ਕਰਜ਼ਾ ਮੁਆਫ਼ ਕਰ ਦੇਵੇਗੀ। ਇਸ ਸਬੰਧੀ ਬਾਦਲ ਦਾ ਕਹਿਣਾ ਸੀ ਕਿ ਉਹ ਸਾਰੇ ਕਿਸਾਨਾਂ ਦੇ ਕਰਜ਼ੇ ਦੀ ਮੁਆਫ਼ੀ ਦੀ ਮੰਗ ਕਰਦੇ ਹਨ ਪਰ ਪੱਤਰਕਾਰਾਂ ਵੱਲੋਂ ਕੋਲਿਆਂਵਾਲੀ ਦੇ ਕਰਜ਼ੇ ਦੀ ਮੁਆਫ਼ੀ ਲਈ ਸਿਫਾਰਿਸ਼ ਕਰਨ ਲਈ ਸਵਾਲ ਕੀਤਾ ਤਾਂ ਬਾਦਲ ਇਹ ਕਹਿ ਕੇ ਟਾਲ ਗਏ ਕਿ ਮੈਨੂੰ ਤਾਂ ਪਤਾ ਨਹੀਂ।  12ਵੀਂ ਜਮਾਤ ਦੇ ਸਿਲੇਬਸ ਵਿਚ ਸਿੱਖ ਇਤਹਾਸ ਬਾਰੇ ਚੈਪਟਰ ਕੱਟੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਦੇ ਕਿਸੇ ਅਧਿਕਾਰੀ ਤੋਂ ਕੋਈ ਗਲਤੀ ਹੋ ਗਈ ਤਾਂ ਉਨ੍ਹਾਂ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਗਲਤੀ ਵਿਚ ਸੁਧਾਰ ਕਰਨਾ ਚਾਹੀਦਾ ਹੈ। ਸ਼ਾਹਕੋਟ ਚੋਣ ਮੁਹਿੰਮ ਸਬੰਧੀ ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਦੀ ਮੂਰਤ ਤੁਸੀਂ ਵੇਖ ਲਈ, ਜਿਸ ਉੱਪਰ ਉਨ੍ਹਾਂ ਦੀ ਆਪਣੀ ਸਰਕਾਰ ਨੇ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਉਸ ਐੱਸ. ਐੱਚ. ਓ. ਨੂੰ ਵਧਾਈ ਦਿੰਦੇ ਹਨ, ਜਿਨ੍ਹਾਂ ਨੇ ਬੇਖੌਫ਼ ਹੋ ਕੇ ਕਾਰਵਾਈ ਕੀਤੀ ਹੈ।