ਮਿਊਂਸੀਪਲ ਪਾਰਕ ਬਣੇ ਤਾਸ਼ ਖੇਡਣ ਤੇ ਨਸ਼ਾ ਕਰਨ ਵਾਲੇ ਲੋਕਾਂ ਦਾ ਅੱਡਾ

05/01/2018 2:58:00 AM

ਭੁੱਚੋ ਮੰਡੀ(ਨਾਗਪਾਲ)-ਇਕ ਪਾਸੇ ਸਰਕਾਰ ਹਰਿਆਵਲ ਬਣਾਈ ਰੱਖਣ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਪਰ ਦੂਜੇ ਪਾਸੇ ਮੰਡੀ ਦੇ ਪਾਰਕਾਂ ਦੀ ਮਾੜੀ ਹਾਲਤ ਨੂੰ ਸੁਧਾਰਨ ਦੀ ਬਜਾਏ ਉਨ੍ਹਾਂ ਦੀ ਅਣਦੇਖੀ ਕਰ ਕੇ ਇਹ ਪਾਰਕ ਲੋਕਾਂ ਨੂੰ ਸ਼ੁੱਧ ਹਵਾ ਦੀ ਬਜਾਏ ਦੂਸ਼ਿਤ ਹਵਾ ਮੁਹੱਈਆ ਕਰਵਾ ਰਹੇ ਹਨ। ਸਥਾਨਕ ਮੰਡੀ 'ਚ ਬਣੇ ਤਿੰਨ ਮਿਊਂਸੀਪਲ ਪਾਰਕਾਂ 'ਚ ਦੋ ਦੀ ਹਾਲਤ ਅਤਿ ਮਾੜੀ ਹੋਣ ਕਰ ਕੇ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ। ਇਨ੍ਹਾਂ 'ਚੋਂ ਸਿਰਫ਼ ਬਾਲਿਆਂਵਾਲੀ ਰੋਡ 'ਤੇ ਬਣੇ ਲੇਡੀਜ਼ ਪਾਰਕ ਦੀ ਹਾਲਤ ਕੁਝ ਠੀਕ ਹੈ ਤੇ ਬਾਕੀ ਦੋਵੇਂ ਬੱਸ ਅੱਡੇ ਦੇ ਨਾਲ ਤੇ ਬਸਤੀ ਰਾਮ ਬਿਲਾਸ ਵਾਲੇ ਪਾਰਕ ਤਾਂ ਗੰਦਗੀ ਦੇ ਡੰਪ ਬਣੇ ਹੋਏ ਹਨ। ਇਨ੍ਹਾਂ ਪਾਰਕਾਂ ਨੂੰ ਲੋਕ ਖੁੱਲ੍ਹੇ ਪੇਸ਼ਾਬ ਘਰ, ਤਾਸ਼ ਖੇਡਣ ਤੇ ਨਸ਼ਾ ਕਰਨ ਵਾਲੇ ਲੋਕਾਂ ਵੱਲੋਂ ਵਰਤਿਆ ਜਾਣ ਲੱਗਾ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ। ਇਸ ਤੋਂ ਇਲਾਵਾ ਪਾਰਕ 'ਚ ਗੰਦਾ ਪਾਣੀ ਲੰਬਾ ਸਮਾਂ ਖੜ੍ਹੇ ਰਹਿਣ ਨਾਲ ਆਵਾਰਾ ਸੂਰਾਂ ਤੇ ਪਸ਼ੂਆਂ ਕਾਰਨ ਖੜ੍ਹੇ ਗੰਦੇ ਪਾਣੀ 'ਚੋਂ ਭਾਰੀ ਬਦਬੂ ਆਉਣ ਕਾਰਨ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਕੋਈ ਭਿਆਨਕ ਬੀਮਾਰੀ ਦੇ ਫੈਲਣ ਦਾ ਡਰ ਵੀ ਹਮੇਸ਼ਾ ਬਣਿਆ ਰਹਿੰਦਾ ਹੈ। ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਰਕ ਦੇ ਸੁਧਾਰ ਲਈ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ, ਜਿਸ ਨਾਲ ਪਾਰਕ 'ਚ ਪਵਾਈ ਭਰਤ ਤੇ ਅਧੂਰਾ ਫੁੱਟਪਾਥ ਕੰਮ ਪੂਰਾ ਕਰਨ ਲਈ ਟਾਹਰਾ ਮਾਰ ਰਿਹਾ ਹੈ। ਬਸਤੀ ਰਾਮ ਬਿਲਾਸ ਵਿਚਲੇ ਪਾਰਕ ਦੀ ਹਾਲਤ ਵੀ ਅਤਿ ਮਾੜੀ ਹੈ। ਇਸ ਦੇ ਅੰਦਰ ਤੇ ਬਾਹਰ ਗੰਦਗੀ ਦੇ ਲੱਗੇ ਢੇਰ ਆਉਣ-ਜਾਣ ਵਾਲੇ ਦਾ ਸਵਾਗਤ ਕਰਦੇ ਹਨ।