ਕਣਕ ਦੀ ਬੋਲੀ ਨਾ ਲੱਗਣ ਕਾਰਨ ਕਿਸਾਨ ਮੰਡੀਆਂ ''ਚ ਰੁਲ ਰਿਹੈ : ਬਾਦਲ

04/20/2018 7:46:57 AM

ਧਨੌਲਾ(ਰਵਿੰਦਰ)— ਪੰਜਾਬ ਵਿਚ ਸੱਤਾ 'ਤੇ ਕਾਬਜ਼ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਗੁਟਕਾ ਸਾਹਿਬ ਦਾ ਆਸਰਾ ਲੈ ਕੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ 'ਚੋਂ ਇਕ ਵੀ ਵਾਅਦਾ ਪੂਰਾ ਕਰਨਾ ਤਾਂ ਦੂਰ ਰਿਹਾ ਸਗੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ੁਰੂ ਕੀਤੇ ਕੰਮਾਂ ਤੇ ਸਕੀਮਾਂ ਨੂੰ ਵੀ ਬੰਦ ਕਰ ਕੇ ਲੋਕ ਵਿਰੋਧੀ ਸਰਕਾਰ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਡੀ ਧਨੌਲਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਤੋਂ ਭੱਜ ਗਈ ਹੈ।  ਕਣਕ ਦੇ ਇਸ ਸੀਜ਼ਨ 'ਚ ਕਿਸਾਨ ਬੋਲੀ ਨਾ ਹੋਣ ਕਾਰਨ ਰਾਤਾਂ ਨੂੰ ਮੰਡੀਆਂ ਵਿਚ ਰੁਲਣ ਲਈ ਮਜਬੂਰ ਹਨ।  ਕਾਂਗਰਸ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ, ਜਿਸ ਕਾਰਨ ਲੋਕ ਦੁਬਾਰਾ ਕਾਰਡ ਬਣਾਉਣ ਲਈ ਵੱਖ-ਵੱਖ ਦਫ਼ਤਰਾਂ ਵਿਚ ਖੱਜਲ-ਖੁਆਰ ਹੋ ਰਹੇ ਹਨ। ਕਾਂਗਰਸ ਸਰਕਾਰ ਨੇ ਸੇਵਾ ਕੇਂਦਰਾਂ ਦੀ ਗਿਣਤੀ ਘਟਾਉਣ ਦਾ ਫਰਮਾਨ ਜਾਰੀ ਕਰ ਦਿੱਤਾ, ਜਿਸ ਨਾਲ ਨੌਜਵਾਨ ਮੁੰਡੇ-ਕੁੜੀਆਂ ਬੇਰੋਜ਼ਗਾਰ ਹੋ ਗਏ ਹਨ। ਨੌਕਰੀਆਂ ਦੇਣ ਦਾ ਵਾਅਦਾ ਨਿਭਾਉਣਾ ਤਾਂ ਇਕ ਪਾਸੇ ਸਰਕਾਰ ਨੇ ਉਲਟਾ ਨੌਜਵਾਨ ਬੇਰੋਜ਼ਗਾਰ ਕਰ ਦਿੱਤੇ। ਬਾਦਲ ਨੇ ਕਠੂਆ ਕਾਂਡ ਸਬੰਧੀ ਬੋਲਦਿਆਂ ਕਿਹਾ ਕਿ ਇਹ ਇਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ, ਅਜਿਹੀਆਂ ਘਟਨਾਵਾਂ ਨੂੰ ਉਦੋਂ ਤੱਕ ਠੱਲ੍ਹ ਨਹੀਂ ਪਵੇਗੀ ਜਦ ਤੱਕ ਕਾਨੂੰਨ 'ਚ ਇਸ ਸਬੰਧੀ ਫਾਂਸੀ ਵਰਗੀ ਸਜ਼ਾ ਦੀ ਵਿਵਸਥਾ ਨਹੀਂ ਹੁੰਦੀ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜੀਤ ਸਿੰਘ ਕੁੱਬੇ, ਸਰਪੰਚ ਗੁਰਦੀਪ ਸਿੰਘ ਅਤਰਗੜ੍ਹ, ਸਾਬਕਾ ਸਰਪੰਚ ਗੁਰਜੀਤ ਸਿੰਘ ਅਤਰਗੜ੍ਹ, ਜਥੇਦਾਰ ਗੁਰਚਰਨ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।