ਪੰਜਾਬ ''ਚ ਸ਼ਾਂਤੀ ਤੋਂ ਬਾਅਦ ਬਾਦਲ ਵੀ ਪਰਤੇ

08/30/2017 12:01:11 PM

ਲੁਧਿਆਣਾ (ਮੁੱਲਾਂਪੁਰੀ) : ਪਿਛਲੇ ਇਕ ਹਫਤੇ ਤੋਂ ਡੇਰਾ ਰਾਮ ਰਹੀਮ ਦੇ ਮਾਮਲੇ ਵਿਚ ਪੰਜਾਬ ਦਾ ਮਾਹੌਲ ਇਕ ਖਤਰਨਾਕ ਮੋੜ 'ਤੇ ਖੜ੍ਹਾ ਸੀ, ਜਿਸ ਕਾਰਨ ਪੰਜਾਬ ਦੀ ਕੈਪਟਨ ਸਰਕਾਰ ਦੇ ਹੱਥ-ਪੈਰ ਫੁੱਲੇ ਹੋਏ ਸਨ। ਪੁਲਸ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ, ਹਰ ਘੜੀ ਹਰ ਘੰਟਾ ਸਰਕਾਰ ਲਈ ਲੰਘਾਉਣਾ ਇਕ ਵੱਡੀ ਮੁਸੀਬਤ ਬਣਿਆ ਹੋਇਆ ਸੀ। ਇਨ੍ਹਾਂ ਦਿਨਾਂ 'ਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਫੌਜ ਦੀ ਕਪਤਾਨੀ ਵਾਲੀ ਬੜਕ ਦੇ ਕਾਰਨ ਪੰਜਾਬ ਨੂੰ ਅਸ਼ਾਂਤ ਨਹੀਂ ਹੋਣ ਦਿੱਤਾ ਅਤੇ ਆਪ ਮੋਰਚੇ 'ਤੇ ਪਹਿਰਾ ਦੇਣ ਲਈ ਆਪਣੇ ਕਾਫਲੇ ਨਾਲ ਜਿਨ੍ਹਾਂ ਥਾਵਾਂ 'ਤੇ ਨੁਕਸਾਨ ਹੋਇਆ ਸੀ, ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਅਤੇ ਅਰਧ ਸੈਨਿਕ ਬਲਾਂ ਦੀ ਪਿੱਠ ਥਾਪੜਦੇ ਹੋਏ ਉਨ੍ਹਾਂ ਕੋਲ ਗਏ ਪਰ ਰਾਜ ਵਿਚ ਸ਼ਾਂਤੀ ਪਰਤ ਆਉਣ 'ਤੇ ਕੱਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੀਡੀਆ ਵਿਚ ਸ਼ਾਂਤੀ ਬਣਾਈ ਰੱਖਣ ਦਾ ਬਿਆਨ ਆ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਧਰਮ ਪਤਨੀ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਲਈ ਆ ਗਏ। ਯੂਥ ਵਿੰਗ ਦੇ ਸਾਬਕਾ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦਾ ਬਿਆਨ ਆਇਆ ਕਿ ਪੰਜਾਬ ਦਾ ਮਾਹੌਲ ਠੀਕ ਰੱਖਣ ਲਈ ਪੰਜਾਬੀ ਸ਼ਾਂਤੀ ਬਣਾਈ ਰੱਖਣ। ਇਨ੍ਹਾਂ ਬਿਆਨਾਂ ਤੋਂ ਬਾਅਦ ਲੋਕ ਚਰਚਾ ਕਰਨ ਲੱਗ ਪਏ ਹਨ ਕਿ ਪੰਜਾਬ ਵਿਚ ਸ਼ਾਂਤੀ ਪਰਤ ਆਉਣ 'ਤੇ ਬਾਦਲ ਵੀ ਪਰਤ ਆਏ।