ਕਾਂਗਰਸ ਦੀਆਂ ਵਧੀਕੀਆਂ ਕਾਰਨ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਡਾਵਾਂਡੋਲ : ਬਾਦਲ

08/01/2017 1:52:21 AM

ਭਾਦਸੋਂ(ਅਵਤਾਰ)-ਕਾਂਗਰਸ ਪਾਰਟੀ ਦੀ ਸਰਕਾਰ ਪਿਛਲੇ 4 ਮਹੀਨਿਆਂ ਦੀ ਕਾਰਗੁਜ਼ਾਰੀ 'ਚ  ਫੇਲ ਸਾਬਤ ਹੋਈ ਹੈ। ਇਸ ਸਮੇਂ ਦੌਰਾਨ ਪੰਜਾਬ ਵਿਚ ਜਿੱਥੇ ਕਤਲੇਆਮ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ, ਉਥੇ ਕਾਂਗਰਸੀਆਂ ਦੀਆਂ ਮਨਮਰਜ਼ੀਆਂ ਵੀ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਸ਼ਾਹਪੁਰ ਵਿਖੇ ਗੱਲਬਾਤ ਕਰਦਿਆਂ ਕੀਤਾ। ਸ. ਬਾਦਲ ਅੱਜ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਦੇ ਅਕਾਲ ਚਲਾਣੇ 'ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਸ਼ਾਹਪੁਰ ਦੇ ਅਕਾਲ ਚਲਾਣੇ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸ. ਬਾਦਲ ਨੇ ਅੱਗੇ ਕਿਹਾ ਕਿ ਕਾਂਗਰਸ ਦੀਆਂ ਵਧੀਕੀਆਂ ਕਾਰਨ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ। ਬੀਤੇ ਦਿਨ ਜੈਤੋ ਵਿਖੇ ਇੱਕ ਸ਼ੈਲਰ ਮਾਲਕ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਲੋਕਾਂ ਦੇ ਮਨਾਂ ਵਿਚ ਗੁੰਡਾਗਰਦੀ ਦਾ ਭੈਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਵੱਲੋਂ ਅਕਾਲੀ ਵਰਕਰਾਂ ਖਿਲਾਫ ਝੂਠੇ ਮੁਕੱਦਮੇ ਦਰਜ ਕਰਵਾਏ ਜਾ ਰਹੇ ਹਨ, ਜਿਸ ਦਾ ਅਕਾਲੀ ਦਲ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਜੇਕਰ ਗੁੰਡਾਗਰਦੀ ਨੂੰ ਨੱਥ ਨਾ ਪਾਈ ਤਾਂ ਅਕਾਲੀ ਦਲ ਸੰਘਰਸ਼ ਵਿੱਢੇਗਾ। ਸ. ਬਾਦਲ ਦੀ ਭਾਦਸੋਂ ਹਲਕੇ ਦੀ ਇਸ ਫੇਰੀ ਦੌਰਾਨ ਹਲਕਾ ਇੰਚਾਰਜ ਕਬੀਰ ਦਾਸ ਗੈਰਹਾਜ਼ਰ ਰਹੇ, ਜਿਸ ਨਾਲ ਅਕਾਲੀ ਵਰਕਰਾਂ ਵਿਚ ਨਮੋਸ਼ੀ ਪਾਈ ਗਈ।  ਇਸ ਮੌਕੇ ਸਵ. ਬਲਵੰਤ ਸਿੰਘ ਸ਼ਾਹਪੁਰ ਦੇ ਸਪੁੱਤਰਾਂ ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ ਕਮਲ, ਗੁਰਮੀਤ ਸਿੰਘ ਸ਼ਾਹਪੁਰ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਪਟਿਆਲਾ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸਤਬੀਰ ਸਿੰਘ ਖੱਟੜਾ, ਸਾ. ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਸਰਪੰਚ ਬਲਵਿੰਦਰ ਸਿੰਘ ਕੰਗ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਰਣਧੀਰ ਸਿੰਘ ਰੱਖੜਾ, ਸਾਹਿਬ ਸਿੰਘ ਰੋੜੇਵਾਲ, ਅਮਨਦੀਪ ਸਿੰਘ ਡਕੌਂਦਾ, ਬਲਜੀਤ ਸਿੰਘ ਵੜੈਚ, ਸਤਨਾਮ ਸਿੰਘ ਚੀਮਾ, ਲਖਵੀਰ ਸਿੰਘ ਲੌਟ, ਹਰਚਰਨ ਸਿੰਘ ਅਗੇਤੀ, ਸੰਜੀਵ ਸੂਦ, ਹਰਦੀਪ ਸਨੌਰ, ਸ਼ੈਂਕੀ ਸਿੰਗਲਾ, ਗੌਰਵ ਬਾਂਸਲ, ਅਮਿਤ ਜਿੰਦਲ, ਜਥੇ. ਗੁਰਦੀਪ ਸਿੰਘ ਜਿੰਦਲਪੁਰ, ਮੇਜਰ ਭੜੀ ਤੇ ਸੁਰਿੰਦਰ ਸਿੰਘ ਮਣਕੂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।