ਬੇਟੀ ਨੂੰ ਬੋਝ ਸਮਝ ਕੇ ਮਾਰਨ ਲਈ ਖਾਲੀ ਪਲਾਟ ''ਚ ਸੁੱਟਣ ਵਾਲੇ ਮਾਤਾ-ਪਿਤਾ ਗ੍ਰਿਫਤਾਰ

02/12/2018 7:48:36 AM

ਲੁਧਿਆਣਾ, (ਮਹੇਸ਼)- ਇਕ ਪਾਸੇ ਜਿੱਥੇ ਅੱਜ ਦੇ ਦੌਰ ਵਿਚ ਬੇਟੀਆਂ ਆਪਣੀ ਪ੍ਰਸਿੱਧੀ ਨਾਲ ਦੇਸ਼ ਹੀ ਨਹੀਂ ਬਲਿਕ ਵਿਦੇਸ਼ਾਂ 'ਚ ਵੀ ਆਪਣਾ ਨਾਂ ਰੌਸ਼ਨ ਕਰ ਕੇ ਆਪਣੇ ਮਾਤਾ-ਪਿਤਾ ਦਾ ਸਿਰ ਫਖਰ ਨਾਲ ਉੱਚਾ ਕਰ ਰਹੀਆਂ ਹਨ, ਉਥੇ ਕੁੱਝ ਅਜਿਹੇ ਮਾਤਾ-ਪਿਤਾ ਵੀ ਇਸ ਸਮਾਜ ਵਿਚ ਹਨ, ਜੋ ਅੱਜ ਵੀ ਬੇਟੀਆਂ ਨੂੰ ਬੋਝ ਸਮਝ ਰਹੇ ਹਨ। ਉਨ੍ਹਾਂ ਨੂੰ ਮਰਨ ਲਈ ਲਾਵਾਰਿਸ ਛੱਡ ਦਿੰਦੇ ਹਨ। ਅਜਿਹੇ ਹੀ ਇਕ ਮਾਤਾ-ਪਿਤਾ ਨੂੰ ਬਸਤੀ ਜੋਧੇਵਾਲ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਸ਼ਨੀਵਾਰ ਨੂੰ ਆਪਣੀ ਇਕ ਮਹੀਨੇ ਦੀ ਬੱਚੀ ਨੂੰ ਬੋਝ ਸਮਝ ਕੇ ਕਾਕੋਵਾਲ ਰੋਡ ਦੇ ਇਕ ਖਾਲੀ ਪਲਾਟ ਵਿਚ ਮਰਨ ਲਈ ਸੁੱਟ ਦਿੱਤਾ। ਉਨ੍ਹਾਂ ਦੀ ਪਛਾਣ ਚੰਡੀਗੜ੍ਹ ਰੋਡ ਦੇ ਰਾਜ ਨਗਰ ਦੇ ਤੈਮੁਲ ਤੇ ਤੈਮੁਲ ਦੀ ਪਤਨੀ ਰੁਖਸਾਨਾ ਦੇ ਰੂਪ ਵਿਚ ਹੋਈ ਹੈ। ਉਹ ਮੂਲ ਰੂਪ 'ਚ ਬਿਹਾਰ ਦੇ ਜ਼ਿਲਾ ਸੀਤਾਮੜ੍ਹੀ ਦੇ ਪਿੰਡ ਮਰਾਹਾ ਦੇ ਰਹਿਣ ਵਾਲੇ ਹਨ। ਇੰਸ. ਮੁਹੰਮਦ ਜਮੀਲ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਪੁਲਸ ਨੂੰ ਲਾਵਾਰਸ ਹਾਲਤ ਵਿਚ ਇਕ ਛੋਟੀ ਜਿਹੀ ਬੱਚੀ ਮਿਲਣ ਦੀ ਸੂਚਨਾ ਮਿਲੀ ਸੀ। ਪੁਲਸ ਤੁਰੰਤ ਮੌਕੇ 'ਤੇ ਪਹੁੰਚੀ। ਬੱਚੀ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਦੀ ਛਾਣਬੀਣ 'ਚ ਲੱਗ ਗਈ।
ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਇਹ ਬੱਚੀ ਰਾਜ ਨਗਰ ਦੇ ਰਹਿਣ ਵਾਲੇ ਇਕ ਜੋੜੇ ਦੀ ਹੈ, ਜਿਨ੍ਹਾਂ ਨੂੰ ਕਾਕੋਵਾਲ ਇਲਾਕੇ ਵਿਚ ਬੱਚੀ ਨਾਲ ਦੇਖਿਆ ਗਿਆ ਸੀ। ਇਸ 'ਤੇ ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਤੈਮੂਲ ਅਤੇ ਰੁਖਸਾਨਾ ਨੂੰ ਕਾਬੂ ਕਰ ਲਿਆ।
ਜਮੀਲ ਨੇ ਦੱਸਿਆ ਕਿ ਪਹਿਲਾਂ ਤਾਂ ਦੋਸ਼ੀ ਖੁਦ ਨੂੰ ਬਚਾਉਣ ਲਈ ਪੁਲਸ ਨੂੰ ਗੁੰਮਰਾਹ ਕਰਦੇ ਰਹੇ ਪਰ ਜਦੋਂ ਥੋੜ੍ਹੀ ਸਖ਼ਤੀ ਦਿਖਾਈ ਤਾਂ ਤੁਰੰਤ ਪਿਘਲ ਗਏ ਅਤੇ ਪੁਲਸ ਸਾਹਮਣੇ ਆਪਣਾ ਅਪਰਾਧ ਕਬੂਲ ਕਰ ਲਿਆ। ਉਨ੍ਹਾਂ ਦੇ ਪਹਿਲਾਂ ਹੀ ਬੇਟੀ-ਬੇਟਾ ਹੈ। ਤੀਸਰੀ ਬੇਟੀ ਹੋਣ 'ਤੇ ਉਨ੍ਹਾਂ ਨੂੰ ਇਹ ਬੋਝ ਲੱਗੀ। ਉਹ ਉਸ ਦਾ ਪਾਲਣ-ਪੋਸਣ ਨਹੀਂ ਨਹੀਂ ਕਰ ਸਕਦੇ ਸਨ। ਉਹ ਦਿਹਾੜੀਦਾਰ ਮਜ਼ਦੂਰ ਹਨ। ਆਦਮਨੀ ਬਹੁਤ ਘੱਟ ਹੈ।