ਬੱਸ ''ਚ ਰੱਖ ਕੇ ਪੰਜਾਬ ਲਿਆਂਦਾ 67 ਲੱਖ ਦੇ ਗਹਿਣਿਆਂ ਦਾ ਪਾਰਸਲ

02/12/2018 5:04:49 AM

ਜਲੰਧਰ, (ਪਾਹਵਾ, ਗੁਲਸ਼ਨ)- ਦੇਸ਼ 'ਚ ਜੀ. ਐੱਸ. ਟੀ. ਲਾਗੂ ਹੋਣ ਪਿੱਛੋਂ ਬੇਸ਼ਕ ਟੈਕਸ ਚੋਰੀ ਦੀਆਂ ਸੰਭਾਵਨਾਵਾਂ ਘੱਟ ਹੁੰਦੀਆਂ ਨਜ਼ਰ ਆ ਰਹੀਆਂ ਹਨ ਪਰ ਇੰਝ ਪੂਰੀ ਤਰ੍ਹਾਂ ਬੰਦ ਹੁੰਦਾ ਅਜੇ ਲੱਗਦਾ ਨਹੀਂ। ਅਜੇ ਵੀ ਦੋ ਨੰਬਰ ਦੇ ਰਸਤਿਆਂ ਰਾਹੀਂ ਮਾਲ ਪੰਜਾਬ ਲਿਆਂਦਾ ਜਾ ਰਿਹਾ ਹੈ। ਅਜਿਹੇ ਹੀ ਇਕ ਮਾਮਲੇ ਦਾ ਖੁਲਾਸਾ ਐਤਵਾਰ ਟੈਕਸੇਸ਼ਨ ਵਿਭਾਗ ਨੇ ਕੀਤਾ। ਕੁੱਝ ਰੁਪਇਆਂ ਲਈ ਦੂਜੇ ਰਾਜਾਂ ਤੋਂ ਪੰਜਾਬ ਆ ਰਹੀਆਂ ਬੱਸਾਂ 'ਚ ਜੀ. ਐੱਸ. ਟੀ. ਦੀ ਚੋਰੀ ਕਰਕੇ ਮਾਲ ਪੰਜਾਬ ਲਿਆਂਦਾ ਜਾ ਰਿਹਾ ਹੈ। 

ਨਿੱਜੀ ਬੱਸਾਂ ਕਰਵਾ ਰਹੀਆਂ ਹਨ ਟੈਕਸ ਚੋਰੀ
ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਨੇ ਫਿਲੌਰ ਟੋਲ ਪਲਾਜ਼ਾ ਨੇੜੇ ਦਿੱਲੀ ਵਲੋਂ ਆ ਰਹੀ ਇਕ ਪ੍ਰਾਈਵੇਟ ਬੱਸ ਨੂੰ ਰੋਕਿਆ। ਤਲਾਸ਼ੀ ਲੈਣ 'ਤੇ ਸੀਟਾਂ ਹੇਠ ਬਣਾਈਆਂ ਗਈਆਂ ਡਿੱਕੀਆਂ ਦਾ ਪਤਾ ਲੱਗਾ। ਇਨ੍ਹਾਂ ਰਾਹੀਂ ਟੈਕਸ ਚੋਰੀ ਕਰਕੇ ਮਾਲ ਏਧਰ ਤੋਂ ਓਧਰ ਪਹੁੰਚਾਇਆ ਜਾ ਰਿਹਾ ਸੀ।  ਸਟੇਟ ਟੈਕਸ ਅਧਿਕਾਰੀ ਪਵਨ ਕੁਮਾਰ, ਦਵਿੰਦਰ ਪੰਨੂ ਤੇ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਬੱਸ ਨੂੰ ਰੋਕਿਆ ਤਾਂ ਪਹਿਲਾਂ ਉਸ 'ਚੋਂ ਕੁੱਝ ਵੀ ਨਹੀਂ ਮਿਲਿਆ। ਜਦੋਂ ਸੀਟਾਂ ਹੇਠੋਂ ਤਲਾਸ਼ੀ ਲਈ ਗਈ ਤਾਂ ਤਹਿਖਾਨਆਂ ਵਾਂਗ ਬਣੀਆਂ ਡਿੱਕੀਆਂ ਵਿਚ ਲੁਕੋਇਆ ਹੋਇਆ ਮਾਲ ਬਾਹਰ ਆਉਣ ਲੱਗਾ।

67 ਲੱਖ ਦੇ ਗਹਿਣੇ ਤੇ ਡਾਇਮੰਡ ਕਾਬੂ
ਬੱਸ ਦੀ ਇਕ ਡਿੱਕੀ ਦੀ ਤਲਾਸ਼ੀ ਲੈਣ ਦੌਰਾਨ 67 ਲੱਖ ਦੀ ਕੀਮਤ ਦੇ ਗਹਿਣੇ ਤੇ ਡਾਇਮੰਡ ਬਰਾਮਦ ਕੀਤੇ ਗਏ। ਜ਼ਬਤ ਕੀਤੇ ਗਹਿਣਿਆਂ ਦੇ ਨਾਲ ਕੁਝ ਬਿੱਲ ਵੀ ਮਿਲੇ। ਇਸ ਕਾਰਨ ਪੈਨਲਟੀ ਦੀ ਰਕਮ ਅਜੇ ਤੈਅ ਨਹੀਂ ਕੀਤੀ ਗਈ। ਜ਼ਬਤ ਮਾਲ ਦੇ ਮਾਲਕਾਂ ਬਾਰੇ ਵੀ ਐਤਵਾਰ ਰਾਤ ਤਕ ਕੋਈ ਜਾਣਕਾਰੀ ਨਹੀਂ ਮਿਲੀ ਸੀ। ਬੱਸ ਦੀ ਇਕ ਹੋਰ ਡਿੱਕੀ ਦੀ ਤਲਾਸ਼ੀ ਲੈਣ 'ਤੇ ਆਟੋ ਪਾਰਟਸ ਅਤੇ ਮੋਟਰ ਪਾਰਟਸ ਬਰਾਮਦ ਹੋਏ। ਇਸ ਮਾਲ ਦੀ ਕੀਮਤ ਲਗਭਗ ਇਕ ਲੱਖ ਰੁਪਏ ਦੱਸੀ ਜਾਂਦੀ ਹੈ।

ਕੁੱਝ ਰੁਪਇਆਂ ਦੇ ਲਾਲਚ 'ਚ ਬਿਨਾਂ ਜਾਂਚ ਰੱਖਿਆ ਮਾਲ
ਵਿਭਾਗ ਨੇ ਬੱਸ ਦੇ ਡਰਾਈਵਰ ਰਾਜਿੰਦਰ ਕੁਮਾਰ ਅਤੇ ਕੰਡਕਟਰ ਵਰਿੰਦਰ ਕੁਮਾਰ ਕੋਲੋਂ ਪੁੱਛਗਿੱਛ ਕੀਤੀ ਤਾਂ ਡਰਾਈਵਰ ਨੇ ਬੱਸ ਵਿਚ ਪਾਰਸਲ ਹੋਣ ਦੀ ਜਾਣਕਾਰੀ ਤੋਂ ਇਨਕਾਰ ਕੀਤਾ ਪਰ ਕੰਡਕਟਰ ਵਰਿੰਦਰ ਕੁਮਾਰ ਨੇ ਕਿਹਾ ਕਿ ਇਹ ਪਾਰਸਲ ਉਸ ਨੂੰ ਦਿੱਲੀ ਤੋਂ ਕਿਸੇ ਨੇ ਦਿੱਤਾ ਸੀ ਤੇ ਨਾਲ ਹੀ ਕੁਝ ਰੁਪਏ ਵੀ ਦਿੱਤੇ ਸਨ। ਉਸ ਨੂੰ ਨਹੀਂ ਪਤਾ ਸੀ ਕਿ ਪਾਰਸਲ ਵਿਚ ਕੀ ਹੈ। ਉਸ ਨੂੰ ਤਾਂ ਸਿਰਫ ਇਹੀ ਕਿਹਾ ਗਿਆ ਸੀ ਕਿ ਅੰਮ੍ਰਿਤਸਰ ਪਹੁੰਚਣ 'ਤੇ ਖੁਦ ਡਲਿਵਰੀ ਲੈਣ ਵਾਲਾ ਉਸ ਨਾਲ ਸੰਪਰਕ ਕਰੇਗਾ।