ਸਿੱਖ ਭਾਈਚਾਰੇ ਵਲੋਂ ਸਰਨਾ ਨੇ ਮੋਦੀ ਸਰਕਾਰ ਦਾ ਕੀਤਾ ਧੰਨਵਾਦ

09/14/2019 1:51:17 PM

ਜਲੰਧਰ (ਚਾਵਲਾ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਥੋਂ ਪ੍ਰੈੱਸ ਦੇ ਨਾਂ ਜਾਰੀ ਆਪਣੇ ਬਿਆਨ 'ਚ ਕਿਹਾ ਕਿ ਮੀਡੀਆ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੀ ਕੇਂਦਰ ਸਰਕਾਰ ਨੇ ਐੱਨ. ਆਰ. ਆਈਜ਼ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਨੂੰ ਰੱਦ ਕਰ ਦਿੱਤਾ ਹੈ, ਜਿਸ ਲਈ ਉਹ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਨ।

ਉਨ੍ਹਾਂ ਦੱਸਿਆ ਕਿਉਂਕਿ ਉਨ੍ਹਾਂ ਦੀ ਪਾਰਟੀ ਵਲੋਂ 2004 ਤੋਂ ਐੱਨ. ਆਰ. ਆਈ. ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਨ ਲਈ ਕੇਂਦਰ ਸਰਕਾਰ ਨਾਲ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਉਸ ਸਮੇਂ ਇਨ੍ਹਾਂ ਕਾਲੀਆਂ ਸੂਚੀਆਂ 'ਚ 140 ਐਂਟਰੀਆਂ ਸਨ ਪਰ ਜਦੋਂ ਬਾਦਲਾਂ ਦੀ ਪੰਜਾਬ 'ਚ ਸੱਤਾ ਕਾਇਮ ਹੋਈ ਤਾਂ ਉਨ੍ਹਾਂ ਨੇ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਖਾਤਿਰ ਕੇਂਦਰੀ ਅਧਿਕਾਰੀਆਂ 'ਤੇ ਦਬਾਅ ਪਾ ਕੇ ਲਗਭਗ 175 ਹੋਰ ਐੱਨ. ਆਰ. ਆਈ. ਸਿੱਖਾਂ ਦੇ ਨਾਂ ਕਾਲੀ ਸੂਚੀ 'ਚ ਦਰਜ ਕਰਵਾ ਦਿੱਤੇ ਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ 15 ਸਾਲਾਂ ਤੋਂ ਕੀਤੇ ਜਾ ਰਹੇ ਸੰਘਰਸ਼ ਕਾਰਨ ਭਾਰਤ ਸਰਕਾਰ ਨੇ ਇਹ ਕਾਲੀਆਂ ਸੂਚੀਆਂ ਰੱਦ ਕਰ ਦਿੱਤੀਆਂ ਹਨ। ਹੁਣ ਕੋਈ ਵੀ ਸਿੱਖ ਬੇਝਿਜਕ ਖੁੱਲ੍ਹੇ ਤੌਰ 'ਤੇ ਆਪਣੀ ਜਨਮ ਭੂਮੀ 'ਤੇ ਆ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸਿੱਖ ਭਾਈਚਾਰੇ ਵਲੋਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ।
ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਰਹੇ 312 ਵਿਦੇਸ਼ ਸਿੱਖਾਂ ਦੇ ਨਾਂ ਬਲੈਕਲਿਸਟ ਚੋਂ ਹਟਾ ਦਿੱਤੇ ਗਏ ਹਨ। ਹੁਣ ਇਸ ਸੂਚੀ 'ਚ ਸਿਰਫ 2 ਨਾਂ ਹੀ ਬਚੇ ਹਨ। ਅਜਿਹੇ ਲੋਕਾਂ ਨੂੰ 2016 ਤੱਕ ਕਾਲੀ ਸੂਚੀ 'ਚ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਉਹ ਭਾਰਤੀ ਵੀਜ਼ਾ ਹਾਸਲ ਕਰਨ ਦੇ ਹੱਕਦਾਰ ਹਨ।

Anuradha

This news is Content Editor Anuradha