ਡੀ. ਸੀ. ਤੇ ਐੱਸ. ਐੱਸ. ਪੀ. ਨੇ ਪਰੇਡ ਤੇ ਡਰਿੱਲ ਦਾ ਕੀਤਾ ਨਿਰੀਖਣ

04/23/2018 5:34:40 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ, ਜਲੋਟਾ)- ਫਗਵਾੜਾ ਵਿਖੇ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਮਕਸਦ ਨਾਲ ਅਕਾਲ ਸਟੇਡੀਅਮ ਵਿਖੇ ਅੱਜ ਮੁੜ ਪੁਲਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੀ ਪਰੇਡ ਤੇ ਮੌਕ ਡਰਿੱਲ ਹੋਈ, ਜਿਸ ਦੌਰਾਨ ਜਵਾਨਾਂ ਵੱਲੋਂ ਹੰਗਾਮੀ ਹਾਲਤ ਨਾਲ ਨਿਬੜਨ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਵਾਨਾਂ ਨੇ ਲਾਠੀਚਾਰਜ ਤੇ ਹਾਲਾਤ ਨੂੰ ਕਾਬੂ ਹੇਠ ਕਰਨ ਦੇ ਹੋਰਨਾਂ ਢੰਗ-ਤਰੀਕਿਆਂ ਦਾ ਬਾਖੂਬੀ ਮੁਜ਼ਾਹਰਾ ਕੀਤਾ।

ਡੀ. ਸੀ. ਤੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਅੱਜ ਛੁੱਟੀ ਵਾਲੇ ਦਿਨ ਵੀ ਪਰੇਡ ਤੇ ਡਰਿੱਲ ਦਾ ਨਿਰੀਖਣ ਕੀਤਾ ਤੇ ਜਵਾਨਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਤੋਂ ਵੀ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਮਨ-ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਫੋਰਸਾਂ ਦੇ ਸਾਜ਼ੋ-ਸਾਮਾਨ, ਹਥਿਆਰਾਂ ਤੇ ਯੰਤਰਾਂ ਦਾ ਵੀ ਮੁਲਾਂਕਣ ਕੀਤਾ। ਵਰਣਨਯੋਗ ਹੈ ਕਿ ਸ਼ਹਿਰ 'ਚ ਵੱਡੀ ਗਿਣਤੀ 'ਚ ਪੁਲਸ ਫ਼ੋਰਸ ਤਾਇਨਾਤ ਹੈ। 

ਰੋਸ ਮਾਰਚ ਅੱਜ
ਦਲਿਤ ਸਮਾਜ ਵੱਲੋਂ ਉਨ੍ਹਾਂ 'ਤੇ ਦਰਜ ਕੀਤੇ ਗਏ ਕੇਸਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਰਵਿਦਾਸ ਮੰਦਿਰ ਚੱਕ ਹਕੀਮ ਤੋਂ ਸਵੇਰੇ 10 ਵਜੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਜੋ ਐੱਸ. ਪੀ. ਦਫ਼ਤਰ ਤਕ ਪੁੱਜੇਗਾ।