ਪੇਪਰ ਲੀਕ ਮਾਮਲਾ, ਹਾਈ ਕੋਰਟ ਦੇ ਸਾਬਕਾ ਰਜਿਸਟਰਾਰ ਦੀ ਜ਼ਮਾਨਤ ਪਟੀਸ਼ਨ ਖਾਰਿਜ

02/20/2018 6:31:53 AM

ਚੰਡੀਗੜ੍ਹ, (ਸੰਦੀਪ)- ਐੱਚ. ਸੀ. ਐੱਸ. ਜੁਡੀਸ਼ੀਅਲ ਪੇਪਰ ਲੀਕ ਮਾਮਲੇ 'ਚ ਦੋਸ਼ੀ ਹਾਈ ਕੋਰਟ ਦੇ ਸਾਬਕਾ ਰਜਿਸਟਰਾਰ ਡਾ. ਬਲਵਿੰਦਰ ਕੁਮਾਰ ਸ਼ਰਮਾ ਦੀ ਰੈਗੂਲਰ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਸ ਨੂੰ ਖਾਰਿਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਪੁਲਸ ਨੇ ਉਨ੍ਹਾਂ ਨੂੰ ਕੇਸ 'ਚ ਝੂਠਾ ਫਸਾਇਆ ਹੈ, ਉਨ੍ਹਾਂ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਅਪਰਾਧਿਕ ਸਬੂਤ ਨਹੀਂ ਹੈ। ਦੋ ਉਮੀਦਵਾਰ ਪੇਪਰ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ ਤਾਂ ਇਸ ਤੋਂ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਸ ਕੋਲ ਜੋ ਦਸਤਾਵੇਜ਼ ਅਤੇ ਆਡੀਓ ਰਿਕਾਰਡਿੰਗਜ਼ ਹਨ, ਉਸ ਵਿਚ ਕਿਤੇ ਵੀ ਉਹ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਨਾਂ ਹੈ। 
ਪੁਲਸ ਨੇ ਸੁਸ਼ੀਲਾ ਅਤੇ ਸੁਮਨ ਵਿਚਲੀ ਕਾਲ ਡਿਟੇਲ ਜਾਂ ਰਿਕਾਰਡਿੰਗ ਦੀ ਜੋ ਟਰਾਂਸਕ੍ਰਿਪਟ ਪੇਸ਼ ਕੀਤੀ ਹੈ, ਉਸ ਵਿਚ ਕਿਤੇ ਵੀ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਪੇਪਰ ਲੀਕ ਹੋਇਆ ਹੈ ਜਾਂ ਉਨ੍ਹਾਂ ਕੋਲ ਪੇਪਰ ਹੈ। ਉਥੇ ਹੀ ਦੋਵਾਂ ਦੀ ਗੱਲਬਾਤ ਵਿਚ ਸਾਫ ਹੈ ਕਿ ਉਨ੍ਹਾਂ ਕੋਲ ਪੇਪਰ ਨਹੀਂ ਹੈ, ਅਜਿਹੇ 'ਚ ਪੁਲਸ ਕਿਵੇਂ ਕਹਿ ਸਕਦੀ ਹੈ ਕਿ ਪੇਪਰ ਲੀਕ ਹੋਇਆ ਹੈ। ਅੱਜ ਤਕ ਲੀਕ ਹੋਇਆ ਪੇਪਰ ਰਿਕਵਰ ਵੀ ਨਹੀਂ ਹੋ ਸਕਿਆ। ਪੁਲਸ ਨੂੰ ਖੁਦ ਦੀ ਜਾਂਚ ਵਿਚ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ। ਉਥੇ ਜ਼ਮਾਨਤ ਪਟੀਸ਼ਨ ਦਾ ਪੁਲਸ ਵੱਲੋਂ ਵਿਰੋਧ ਕੀਤਾ ਗਿਆ।