ਪੇਪਰ ਦੇਣ ਆਏ ਵਿਦਿਆਰਥੀਆਂ ਦੇ ਉੱਡੇ ਹੋਸ਼, 11 ਦੇ ਫੋਨ ਹੋਏ ਚੋਰੀ

07/04/2023 6:14:05 PM

ਸਮਰਾਲਾ (ਵਿਪਨ ਬੀਜਾ) : ਸਮਰਾਲਾ ਦੇ ਪਿੰਡ ਉਟਾਲਾ ਦੇ ਉਦਯੋਗਿਕ ਸਿਖਲਾਈ ਸੰਸਥਾ (ਆਈ. ਟੀ. ਆਈ) ਵਿਚ ਪੇਪਰ ਦੇਣ ਆਏ ਵਿਦਿਆਰਥੀਆਂ ਵਿਚੋਂ 11 ਵਿਦਿਆਰਥੀਆਂ ਦੇ ਮੋਬਾਈਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਦੋਂ ਪਰੈਕਟੀਕਲ ਦਾ ਪੇਪਰ ਦੇਣ ਗਏ ਤਾਂ ਸਕੂਲ ਦੇ ਸਟਾਫ ਵੱਲੋਂ ਕਿਹਾ ਗਿਆ ਕਿ ਤੁਸੀਂ ਆਪਣੇ ਮੋਬਾਈਲ ਆਪਣੇ ਬੈਗਾਂ ਵਿਚ ਰੱਖ ਕੇ ਆ ਜਾਓ। ਵਿਦਿਆਰਥੀਆਂ ਨੇ ਜਿਸ ਕਮਰੇ ਵਿਚ ਉਨ੍ਹਾਂ ਦੇ ਬੈਗ ਪਏ ਸੀ, ਉਸ ਕਮਰੇ ਵਿਚ ਜਾ ਕੇ ਆਪਣੇ ਮੋਬਾਈਲ ਬੈਗ ਵਿਚ ਰੱਖ ਦਿੱਤੇ ਅਤੇ ਕਮਰੇ ਦਾ ਸ਼ਟਰ ਬੰਦ ਕਰ ਦਿੱਤਾ। ਪੇਪਰ ਦੇਣ ਤੋਂ ਬਾਅਦ ਜਦੋਂ ਉਹ ਆਪਣੇ ਬੈਗ ਲੈਣ ਲਈ ਕਮਰੇ ਵਿਚ ਆਏ ਤਾਂ ਕਮਰੇ ਦਾ ਸ਼ਟਰ ਖੁੱਲ੍ਹਾ ਸੀ। ਵਿਦਿਆਰਥੀਆਂ ਨੇ ਤੁਰੰਤ ਆਪਣੇ ਬੈਗ ਚੈੱਕ ਕੀਤੇ 11 ਬੱਚਿਆਂ ਦੇ ਮੋਬਾਈਲ ਗਾਇਬ ਸਨ। ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਪ੍ਰਿੰਸੀਪਲ ਨੂੰ ਦਿੱਤੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਫੋਨ ਲਿਆਉਣ ਤੋਂ ਮਨ੍ਹਾ ਕੀਤਾ ਸੀ। ਫ਼ਿਰ ਵੀ ਤੁਸੀਂ ਮੋਬਾਈਲ ਫ਼ੋਨ ਲੈ ਕੇ ਆਏ। ਚੋਰੀ ਹੋਏ ਮੋਬਾਈਲਾਂ ਬਾਰੇ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ ਤੁਹਾਡੇ ਮੋਬਾਈਲ ਕਿੱਥੇ ਹਨ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਚੋਰੀ ਕਰਨ ਆਏ ਚੋਰ ਨਾਲ ਹੋਈ ਜੱਗੋਂ ਤੇਰਵੀਂ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਸਮਰਾਲਾ ਦੇ ਪੁਲਸ ਸਟੇਸ਼ਨ ਵਿਚ ਐੱਫ. ਆਈ. ਆਰ ਦਰਜ ਕਰਵਾਈ ਗਈ। ਜਦੋਂ ਉਦਯੋਗਿਕ ਸਿਖਲਾਈ ਸੰਸਥਾ (ਆਈ. ਟੀ. ਆਈ) ਦੇ ਵਾਈਸ ਪ੍ਰਿੰਸੀਪਲ ਬਲਵੀਰ ਸਿੰਘ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ 250 ਵਿਦਿਆਰਥੀਆਂ ਦਾ ਪੇਪਰ ਸੀ। ਮੋਬਾਈਲ ਪੇਪਰ ਵਿਚ ਲੈ ਕੇ ਆਉਣਾ ਮਨ੍ਹਾ ਹੈ। ਸਾਰੇ ਵਿਦਿਆਰਥੀਆਂ ਨੂੰ ਮਨ੍ਹਾ ਕੀਤਾ ਗਿਆ ਸੀ। ਫਿਰ ਵੀ ਕੁਝ ਵਿਦਿਆਰਥੀ ਮੋਬਾਈਲ ਲੈ ਕੇ ਆ ਗਏ। ਉਨ੍ਹਾਂ ਨੇ ਆਪ ਹੀ ਆਪਣੇ ਫੋਨ ਆਪਣੀ ਕਲਾਸ ਵਿਚ ਪਏ ਬੈਗਾਂ ਵਿਚ ਰੱਖ ਦਿੱਤੇ। ਬਾਅਦ ਵਿਚ ਪਤਾ ਲੱਗਾ ਕਿ ਮੋਬਾਈਲ ਚੋਰੀ ਹੋ ਗਏ ਹਨ। ਪੁਲਸ ਨਾਲ ਵੀ ਇਸ ਬਾਰੇ ਗੱਲਬਾਤ ਹੋ ਗਈ ਹੈ। ਜਿਵੇਂ ਹੀ ਪਤਾ ਲਗੇਗਾ ਦੱਸ ਦਿੱਤਾ ਜਾਵੇਗਾ।

ਕੀ ਕਹਿਣਾ ਹੈ ਥਾਣਾ ਮੁਖੀ ਦਾ

ਉਥੇ ਹੀ ਥਾਣਾ ਮੁਖੀ ਭੁਪਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਬੱਚਿਆਂ ਨੇ ਮੋਬਾਈਲ ਚੋਰੀ ਹੋਣ ਦੀ ਸੂਚਨਾ ਉਨ੍ਹਾਂ ਨੂੰ ਕੱਲ ਸ਼ਾਮੀ ਮਿਲ ਗਈ ਸੀ। ਜਿਸ ਦੀ ਜਾਂਚ ਲਈ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਬਾਰੇ ਉਨ੍ਹਾਂ ਦੀ ਪ੍ਰਿੰਸੀਪਲ ਨਾਲ ਗੱਲ ਹੋਈ ਹੈ। ਬੱਚਿਆਂ ਵੱਲੋਂ ਦਿੱਤੀ ਗਈ ਦਰਖਾਸਤ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh