ਪੰਚਾਇਤੀ ਚੋਣਾਂ : ਪਿੰਡਾਂ ''ਚ ਸ਼ਰਾਬ ਦੇ ਦੌਰ ਸ਼ੁਰੂ, ਧੱਕੇ ਨਾਲ ਵੰਡਿਆ ਜਾ ਰਿਹੈ ਨਸ਼ਾ

12/28/2018 9:15:03 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਜਾ ਰਹੀਆਂ ਹਨ ਅਤੇ ਪਿੰਡਾਂ 'ਚ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਸ਼ਰਾਬ ਦੇ ਦੌਰ ਸ਼ੁਰੂ ਕਰ ਦਿੱਤੇ ਹਨ ਅਤੇ ਕਈ ਪਿੰਡਾਂ ਵਿਚ ਤਾਂ ਵੋਟਰਾਂ ਦੀ ਮੰਗ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਨਸ਼ੇ ਵੰਡਣ ਦੀ ਚਰਚਾ ਹੈ। ਮਾਛੀਵਾੜਾ ਬਲਾਕ ਦੀਆਂ 116 ਪੰਚਾਇਤਾਂ 'ਚੋਂ 40 ਵਿਚ ਤਾਂ ਮੁਕੰਮਲ ਸਰਬਸੰਮਤੀ ਹੋ ਚੁੱਕੀ ਹੈ ਅਤੇ ਹੁਣ ਮੁਕਾਬਲਾ 76 ਪਿੰਡਾਂ 'ਚ ਹੈ। ਸਭ ਤੋਂ ਵੱਧ ਫਸਵੇਂ ਮੁਕਾਬਲੇ ਪਿੰਡ ਬਹਿਲੋਲਪੁਰ, ਤੱਖਰਾਂ-ਖੋਖਰਾਂ, ਜਾਤੀਵਾਲ, ਸ਼ੇਰਪੁਰ, ਸਹਿਜੋ ਮਾਜਰਾ, ਲੱਖੋਵਾਲ ਕਲਾਂ, ਛੌੜੀਆਂ, ਝੜੌਦੀ, ਧਨੂੰਰ, ਟਾਂਡਾ ਕੁਸ਼ਲ ਸਿੰਘ ਵਿਖੇ ਹਨ, ਜਿੱਥੇ ਸਰਪੰਚੀ ਦੇ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੈ।
ਮਾਛੀਵਾੜਾ ਬਲਾਕ ਦੇ ਇਕ ਪਿੰਡ 'ਚ ਬੀਤੀ ਰਾਤ ਸ਼ਰਾਬ ਵੰਡਣ ਦੇ ਮਾਮਲੇ ਤੋਂ ਮਾਮੂਲੀ ਤਕਰਾਰਬਾਜ਼ੀ ਵੀ ਹੋਈ ਕਿਉਂਕਿ ਇਸ ਪਿੰਡ 'ਚ ਸਰਪੰਚੀ ਦਾ ਇਕ ਉਮੀਦਵਾਰ ਡੇਰਿਆਂ 'ਚੋਂ ਖੜ੍ਹਾ ਹੈ ਅਤੇ ਇਕ ਪਿੰਡ ਦੀ ਆਬਾਦੀ 'ਚੋਂ ਖੜ੍ਹਾ ਹੈ। ਇਸ ਪਿੰਡ ਦੇ ਵੋਟਰ ਜੋ ਆਸ-ਪਾਸ ਡੇਰਿਆਂ 'ਚ ਰਹਿੰਦੇ ਹਨ, ਆਪਣੇ ਉਮੀਦਵਾਰ ਨੂੰ ਜਿਤਾਉਣਾ ਚਾਹੁੰਦੇ ਹਨ, ਜਦਕਿ ਦੂਸਰੇ ਪਾਸੇ ਜੋ ਘਰ ਪਿੰਡ 'ਚ ਹਨ ਉਨ੍ਹਾਂ 'ਚੋਂ ਜ਼ਿਆਦਾਤਰ ਵੋਟਰਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਉਨ੍ਹਾਂ ਦੇ ਪੱਖ ਦਾ ਉਮੀਦਵਾਰ ਸਰਪੰਚੀ ਦੀ ਚੋਣ ਜਿੱਤੇ।
ਇਸ ਪਿੰਡ 'ਚ ਰਾਤ ਨੂੰ ਸਰਪੰਚੀ ਦੇ ਉਮੀਦਵਾਰ ਨੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਉਨ੍ਹਾਂ ਦੇ ਘਰਾਂ ਅੱਗੇ ਜਾ ਕੇ ਸ਼ਰਾਬ ਦੀਆਂ ਬੋਤਲਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਦੂਜੀ ਧਿਰ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਮੂਲੀ ਤਕਰਾਰਬਾਜ਼ੀ ਵੀ ਹੋਈ ਪਰ ਬਾਅਦ ਵਿਚ ਮਾਮਲਾ ਸ਼ਾਂਤ ਹੋ ਗਿਆ। ਪਿੰਡ ਦੇ ਕੁਝ ਲੋਕਾਂ ਨੇ ਇਤਰਾਜ਼ ਕੀਤਾ ਕਿ ਵੋਟਾਂ ਵਿਚ ਖੜ੍ਹੀ ਇਕ ਧਿਰ ਦੇ ਲੋਕ ਜ਼ਬਰਦਸਤੀ ਉਨ੍ਹਾਂ ਦੇ ਘਰਾਂ ਅੱਗੇ ਸ਼ਰਾਬ ਰੱਖ ਕੇ ਜਾਂਦੇ ਹਨ, ਜਦਕਿ ਉਹ ਸ਼ਰਾਬ ਨਾਲ ਵਿਕਣ ਵਾਲੇ ਨਹੀਂ।
ਇਹ ਮਾਛੀਵਾੜਾ ਬਲਾਕ ਦੇ ਇਕ ਪਿੰਡ ਦੀ ਕਹਾਣੀ ਨਹੀਂ, ਬਲਕਿ ਜ਼ਿਆਦਾਤਰ ਪਿੰਡਾਂ 'ਚ ਪੰਚਾਇਤੀ ਚੋਣਾਂ ਸਬੰਧੀ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਵੀ ਉਮੀਦਵਾਰ ਜਿੱਤ ਲਈ ਨਸ਼ਿਆਂ ਦਾ ਛੇਵਾਂ ਦਰਿਆ ਵਹਾ ਰਹੇ ਹਨ।

Babita

This news is Content Editor Babita