ਪੰਚਾਇਤੀ ਜ਼ਮੀਨ ’ਤੇ ਰਾਤੋ-ਰਾਤ ਕਬਜ਼ਾ

07/29/2018 12:25:22 AM

ਭਦੌਡ਼,   (ਰਾਕੇਸ਼)–  ਪਿੰਡ ਮੱਝੂਕੇ ਵਿਖੇ ਇਕ ਪਰਿਵਾਰ ਵੱਲੋਂ ਰਾਤੋ-ਰਾਤ  2 ਮਰਲੇ ਪੰਚਾਇਤੀ ਜ਼ਮੀਨ  ’ਤੇ ਕਬਜ਼ਾ ਕਰ ਕੇ  ਆਪਣੇ ਘਰ ਵਿਚ ਰਲਾ ਲੈਣ ਦਾ ਮਾਮਲਾ ਥਾਣੇ ਪੁੱਜ ਗਿਆ ਹੈ। ਜਦੋਂ ਸਵੇਰ ਹੋਣ ’ਤੇ ਇਸ ਗੱਲ ਦਾ ਪਤਾ ਪਿੰਡ ਦੇ ਲੋਕਾਂ ਨੂੰ ਲੱਗਿਆ  ਤਾਂ  ਉਨ੍ਹਾਂ  ਇਸ  ਦਾ  ਵਿਰੋਧ  ਕਰਨਾ  ਸ਼ੁਰੂ  ਕਰ ਦਿੱਤਾ। ਇਸ ਸਬੰਧੀ ਪਿੰਡ ਦੇ ਲੋਕ  ਸਰਪੰਚ ਗੁਰਵਿੰਦਰ ਸਿੰਘ ਗੋਰਾ ਨੂੰ ਮਿਲੇ ਅਤੇ  ਗੁਰਦੁਆਰਾ ਸਾਹਿਬ ਵਿਖੇ ਇਕੱਠ ਕੀਤਾ, ਜਿਸ ਤੋੋਂ ਬਾਅਦ ਭਦੌਡ਼ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁੱਜੇ ਥਾਣਾ ਭਦੌਡ਼ ਦੇ ਐੱਸ. ਐੱਚ. ਓ. ਪ੍ਰਗਟ ਸਿੰਘ  ਕਬਜ਼ਾ ਕਰਨ ਵਾਲੇ ਵਿਅਕਤੀ ਨੂੰ ਆਪਣੇ ਨਾਲ ਥਾਣੇ  ਲੈ  ਆਏ। ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਜਗ੍ਹਾ ਕਰੀਬ ਦੋ ਮਰਲੇ ਹਿੰਮਤਪੁਰਾ ਰੋਡ ’ਤੇ ਹੈ, ਜਿੱਥੇ ਪਹਿਲਾਂ ਪਟਵਾਰਖਾਨਾ ਹੁੰਦਾ ਸੀ ਅਤੇ ਇਸ ਜਗ੍ਹਾ ਦੀ ਰਜਿਸਟਰੀ ਨਗਰ ਪੰਚਾਇਤ ਦੇ ਨਾਂ ਹੈ। ਪੰਚਾਇਤ ਵੱਲੋਂ ਉਕਤ ਜਗ੍ਹਾ ’ਤੇ ਬੱਸ ਸਟੈਂਡ ਬਣਾਉਣ ਦੀ ਤਜਵੀਜ਼ ਹੈ ਪਰ ਬੀਤੀ ਰਾਤ ਪਿੰਡ ਮੱਝੂਕੇ ਦੇ ਇਕ ਪਰਿਵਾਰ ਨੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਕੰਧ ਕੱਢ ਲਈ, ਜਿਸ ਕਾਰਨ ਪਿੰਡ ਵਾਸੀਆਂ  ’ਚ ਰੋਸ ਪਾਇਆ ਜਾ ਰਿਹਾ ਹੈ।    ®ਜਦੋਂ ਇਸ ਸਬੰਧੀ ਕਬਜ਼ਾਧਾਰੀ ਧਿਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾ ਨੇ ਆਪਣਾ ਮੋਬਾਇਲ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਦੋਸ਼ੀ  ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ : ਐੱਸ. ਐੱਚ. ਓ. 
 ਜਦੋਂ ਇਸ ਸਬੰਧੀ ਥਾਣਾ ਭਦੌਡ਼ ਦੇ ਐੱਸ. ਐੱਚ. ਓ. ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਇਸ ਸਬੰਧੀ ਦੋਵੇਂ ਧਿਰਾ ਥਾਣਾ ਭਦੌਡ਼ ਵਿਖੇ ਬੁਲਾਈਆਂ ਹੋਈਆਂ ਹਨ, ਜੋ ਵੀ ਦੋਸ਼ੀ ਪਾਇਆ ਗਿਆ, ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।