ਪੰਚਾਇਤੀ ਜ਼ਮੀਨ ''ਚੋਂ ਲੱਖਾਂ ਦੀ ਮਿੱਟੀ ਨਿਕਾਸ ਕਰਨ ਦਾ ਮਾਮਲਾ ਬੇਪਰਦਾ

12/12/2018 7:08:34 PM

ਮੋਗਾ (ਗੋਪੀ ਰਾਊਕੇ) : ਜ਼ਿਲਾ ਮੋਗਾ ਦੇ ਪਿੰਡ ਜਨੇਰ ਦੀ 25 ਏਕੜ ਪੰਚਾਇਤੀ ਜ਼ਮੀਨ 'ਚੋਂ ਪਿਛਲੀ ਅਕਾਲੀ ਸਰਕਾਰ ਸਮੇਂ ਲੱਖਾਂ ਰੁਪਏ ਦੀ ਮਿੱਟੀ ਗੈਰ-ਕਾਨੂੰਨੀ ਢੰਗ ਨਾਲ ਨਿਕਾਸ ਕਰਕੇ ਕਥਿਤ ਤੌਰ 'ਤੇ ਵੇਚਣ ਦੇ ਮਾਮਲੇ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੋਹਾਲੀ ਦੀ ਸ਼ਕਾਇਤ ਦੇ ਆਧਾਰ 'ਤੇ ਥਾਣਾ ਕੋਟ ਈਸੇ ਖਾਂ ਦੀ ਪੁਲਸ ਨੇ ਪਿੰਡ ਜਨੇਰ ਦੇ ਸਰਪੰਚ ਮਨਵਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਹਰਚਰਨ ਸਿੰਘ ਵਿਰੁੱਧ ਮਕੁੱਦਮਾ ਦਰਜ ਕੀਤੀ ਹੈ। 
ਇਕੱਤਰ ਕੀਤੀ ਜਾਣਕਾਰੀ ਅਨੁਸਾਰ 2014 ਤੋਂ 2016 ਤੱਕ ਗ੍ਰਾਮ ਪੰਚਾਇਤ ਨੇ ਪੰਚਾਇਤ ਜ਼ਮੀਨ 'ਚੋਂ ਮਿੱਟੀ ਕੱਢ ਕੇ ਵੇਚ ਦਿੱਤੀ ਸੀ ਜਿਸ ਮਗਰੋਂ ਪਿੰਡ ਵਾਸੀਆਂ ਦੀ ਸ਼ਕਾਇਤ 'ਤੇ ਪੰਜਾਬ ਵਿਚ ਕਾਂਗਰਸ ਸਰਕਾਰ ਬਨਣ ਮਗਰੋਂ 2017 ਵਿਚ ਪੇਂਡੂ ਪੰਚਾਇਤ ਵਿਭਾਗ ਪੰਜਾਬ ਅਤੇ ਕੋਟ ਈਸੇ ਖਾਂ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਲੰਮੀ ਜਾਂਚ ਪੜਤਾਲ ਕਰਕੇ ਇਹ ਰਿਪੋਰਟ ਦਿੱਤੀ ਸੀ ਕਿ ਪੰਚਾਇਤ ਜ਼ਮੀਨ 'ਚੋਂ ਕਥਿਤ ਤੌਰ 'ਤੇ ਮਿੱਟੀ ਕੱਢਣ ਨਾਲ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸੇ ਰਿਪੋਰਟ ਦੇ ਆਧਾਰ 'ਤੇ ਹੀ ਅਧੀਨ ਸਕੱਤਰ ਪੰਜਾਬ ਸਰਕਾਰ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੋਹਾਲੀ ਵਲੋਂ ਮਾਮਲਾ ਦਰਜ ਕਰਵਾਇਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਡੀ. ਐੱਸ. ਪੀ. ਅਜੇਰਾਜ ਸਿੰਘ ਧਰਮਕੋਟ ਕਰ ਰਹੇ ਹਨ। ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀਆ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।