ਖੰਨਾ ਬਲਾਕ ਦੀਆਂ ਪੰਚਾਇਤੀ ਚੋਣਾਂ ਲਈ ਅਮਲਾ ਤਾਇਨਾਤ

12/16/2018 12:55:07 PM

ਖੰਨਾ (ਸੁਖਵਿੰਦਰ ਕੌਰ) : 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੀ ਤਿਆਰੀ ਨੂੰ ਮੁਕੰਮਲ ਕਰਨ ਦੇ ਪਹਿਲੇ ਪੜਾਅ 'ਚ ਨਾਮਜ਼ਦਗੀਆਂ ਪੇਪਰ ਜਮ੍ਹਾ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਜ਼ਿਲਾ ਚੋਣ ਅਧਿਕਾਰੀ ਪ੍ਰਦੀਪ ਅਗਰਵਾਲ ਵਲੋਂ ਬਲਾਕ ਖੰਨਾ ਅਧੀਨ ਪੈਂਦੀਆਂ 67 ਪੰਚਾਇਤਾਂ ਨੂੰ 7 ਕਲਸੱਟਰਾਂ 'ਚ ਵੰਡਿਆ ਗਿਆ ਹੈ, ਜਿਨ੍ਹਾਂ ਲਈ ਇਕ-ਇਕ ਅਧਿਕਾਰੀ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
੍ਰ੍ਰਇਨ੍ਹਾਂ ਰਿਟਰਨਿੰਗ ਅਫ਼ਸਰਾਂ ਨਾਲ ਇਕ-ਇਕ ਸਹਾਇਕ ਰਿਟਰਨਿੰਗ ਅਫ਼ਸਰ ਵੀ ਨਿਯੁਕਤ ਕੀਤਾ ਗਿਆ ਹੈ। ਇਹ ਟੀਮਾਂ ਦਾਣਾ ਮੰਡੀ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ 'ਚ ਬੈਠ ਕੇ 19 ਦਸੰਬਰ (16 ਦਸੰਬਰ ਨੂੰ ਛੱਡ ਕੇ) ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪੰਚ ਅਤੇ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹਾਸਲ ਕਰਨਗੇ। 20 ਨੂੰ ਨਾਮਜ਼ਦਗੀਆਂ ਦੀ ਜਾਂਚ ਹੋਵੇਗੀ ਅਤੇ 21 ਨੂੰ ਚਾਹਵਾਨ ਉਮੀਦਵਾਰ ਆਪਣੀ ਉਮੀਦਵਾਰੀ ਵਾਪਸ ਲੈ ਸਕਦੇ ਹਨ। ਇਸੇ ਦਿਨ ਉਮੀਦਵਾਰਾਂ ਨੂੰ ਚੋਣ ਚਿੰਨ੍ਹਾਂ ਦੀ ਅਲਾਟਮੈਂਟ ਹੋਵੇਗੀ। ਖੰਨਾ ਦੇ ਐੱਸ. ਡੀ. ਐੱਮ. ਸੰਦੀਪ ਸਿੰਘ ਨੂੰ ਕੰਟਰੋਲਿੰਗ ਅਥਾਰਟੀ ਨਿਯੁਕਤ ਕੀਤਾ ਗਿਆ ਹੈ। ਅੱਜ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕਰਵਾਏ ਗਏ, ਸਿਰਫ਼ ਖਾਲੀ ਫਾਰਮ ਅਤੇ ਮੁਢਲੀ ਜਾਣਕਾਰੀ ਹਾਸਲ ਕਰਨ ਲਈ ਹੀ ਸੰਭਾਵੀ ਉਮੀਦਵਾਰ ਆਉਂਦੇ ਰਹੇ। ਦੂਜੇ ਪਾਸੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਤੋਂ ਐੱਨ. ਓ. ਸੀ. ਲੈਣ ਵਾਲਿਆਂ ਦਾ ਜਮਘਟ ਲੱਗਿਆ ਰਿਹਾ। ਬੀ. ਡੀ. ਪੀ. ਓ. ਧਨਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਹੁਣ ਤੱਕ ਚੋਣ ਲੜਨ ਦੇ ਚਾਹਵਾਨ 100 ਦੇ ਲਗਭਗ ਵਿਅਕਤੀਆਂ ਨੂੰ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਐੱਨ. ਓ. ਸੀ. ਜਾਰੀ ਕੀਤਾ ਜਾ ਚੁੱਕਾ ਹੈ, ਜਿਸਦਾ ਆਉਣ ਵਾਲੇ ਦਿਨਾਂ 'ਚ ਅੰਕੜਾਂ ਕਾਫੀ ਵੱਧਣ ਦੀ ਉਮੀਦ ਹੈ।  ਖੰਨਾ ਬਲਾਕ ਦੇ ਕੁਲ ਵੋਟਰ 69317 ਹਨ, ਜਿਨ੍ਹਾਂ 'ਚ 36747 ਪੁਰਸ਼ ਅਤੇ 32570 ਇਸਤਰੀਆਂ ਸ਼ਾਮਲ ਹਨ।

Babita

This news is Content Editor Babita