ਪਨਬੱਸ ਅਤੇ ਪੰਜਾਬ ਰੋਡਵੇਜ਼ ਕਾਮਿਆਂ ਕੀਤੀ ਦੋ ਘੰਟਿਆਂ ਦੀ ਹੜਤਾਲ

03/22/2018 5:00:53 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ)-ਪਨਬੱਸ ਅਤੇ ਪੰਜਾਬ ਰੋਡਵੇਜ ਦੀ ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਪਨਬੱਸ ਤੇ ਰੋਡਵੇਜ ਕਾਮਿਆਂ ਵਲੋਂ 12 ਵਜੇ ਤੋਂ ਲੈ ਕੇ 2 ਵਜੇ ਤੱਕ 2 ਘੰਟਿਆ ਲਈ ਸਥਾਨਕ ਬੱਸ ਸਟੈਂਡ ਖਾਲੀ ਕਰਕੇ ਮੁਕੰਮਲ ਹੜਤਾਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਬੀਤੀ 2 ਫਰਵਰੀ ਨੂੰ ਐਕਸ਼ਨ ਕਮੇਟੀ ਦੀ ਸੈਕਟਰੀ ਟਰਾਂਸਪੋਰਟ ਨਾਲ ਹੋਈ ਮੀਟਿੰਗ ਸਮੇਂ ਰੋਡਵੇਜ ਨੂੰ ਕਾਰਪੋਰੇਸ਼ਨ 'ਚ ਤਬਦੀਲ ਕਰਨ ਦੇ ਦਿੱਤੇ ਗਏ ਬਿਆਨ ਦੇ ਵਿਰੁੱਧ ਐਕਸ਼ਨ ਕਮੇਟੀ ਨੇ ਮਿਲ ਕੇ ਮਹੀਨੇ 'ਚ ਇਕ ਦਿਨ ਦੀ ਹੜਤਾਲ ਕਰਕੇ ਵਿਰੋਧ ਕੀਤਾ ਸੀ ਅਤੇ ਮੰਗ ਕੀਤੀ ਸੀ ਕਿ ਮੀਟਿੰਗ ਸਮੇਂ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਕੀਤੀ ਜਾਣ। ਉਨ੍ਹਾਂ ਦੱਸਿਆ ਕਿ ਸੈਕਟਰੀ ਟਰਾਂਸਪੋਰਟ ਨੇ ਵੀ ਮੰਨਿਆ ਸੀ ਕਿ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਤੇ ਵੀ ਸੀ. ਟੀ. ਯੂ. ਪੈਟਰਨ ਦਾ ਮਿੰਨੀਮਮ ਵੇਜ ਲਾਗੂ ਕਰਕੇ ਤਨਖਾਹ ਵਧਾਈ ਜਾਵੇਗੀ ਪਰ ਉਸ ਨੂੰ ਲਾਗੂ ਨਹੀਂ ਕੀਤੀ ਗਿਆ। ਇਥੇ ਹੀ ਬੱਸ ਨਹੀਂ ਟਾਈਮ ਟੇਬਲ ਵੀ ਇਕਸਾਰ ਕਰਨਾ ਮੰਨਿਆ ਗਿਆ ਸੀ ਪਰ ਉਸ ਨੂੰ ਲਾਗੂ ਨਹੀਂ ਕੀਤਾ ਗਿਆ। ਬੁਲਾਰਿਆਂ ਕਿਹਾ ਕਿ 1990 ਦੀ ਟਰਾਂਸਪੋਰਟ ਪਾਲਿਸੀ ਲਾਗੂ ਕਰਨੀ ਸੀ ਪਰ ਸਰਕਾਰ ਵਲੋਂ ਨਵੀਂ ਬਣਾਈ ਟਰਾਂਸਪੋਰਟ ਪਾਲਿਸੀ ਵਿਚ ਵਾਰ-ਵਾਰ ਸੋਧ ਕਰਕੇ ਪ੍ਰਾਈਵੇਟ ਟਰਾਂਸਪੋਰਟਾਂ ਦੇ ਹੱਕ 'ਚ ਬਣਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਕ ਸਾਲ ਦਾ ਸਮਾਂ ਲੰਘ ਜਾਣ 'ਤੇ ਵੀ ਸਰਕਾਰ ਨੇ ਅਦਾਲਤ ਵਲੋਂ ਗਲਤ/ਨਜਾਇਜ਼ ਚੱਲ ਰਹੇ ਪ੍ਰਾਈਵੇਟ ਬੱਸਾਂ ਨੂੰ ਬੰਦ ਨਹੀਂ ਕੀਤਾ ਗਿਆ, ਜਿਸ ਦੇ ਚਲਦਿਆਂ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪੇ-ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਡੀ.ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਅੰਗਰੇਜ ਸਿੰਘ, ਸੁਖਜਿੰਦਰ ਸਿੰਘ, ਕੇਵਲ ਸਿੰਘ, ਕਮਲ ਕੁਮਾਰ, ਮੁਕੰਦ ਸਿੰਘ ਤੇ ਹਰਨੇਕ ਸਿੰਘ ਆਦਿ ਮੌਜੂਦ ਸਨ।