ਮੌਤ ਨੂੰ ਹਰਾ ਕੇ ਅਮਰੀਕਾ ਤੋਂ ਵਾਪਸ ਆਇਆ ਨਾਨਕ (ਵੀਡੀਓ)

08/05/2018 4:01:14 PM

ਲੁਧਿਆਣਾ (ਨਰਿੰਦਰ) - ਨਾਨਕ ਉਹ ਨੌਜਵਾਨ ਹੈ, ਜਿਸ ਦਾ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਅਮਰੀਕਾ ਜਾਣ ਦਾ ਸੁਪਨਾ ਸੀ ਪਰ ਉਸ ਦਾ ਇਹ ਸੁਪਨਾ ਉਸ ਨੂੰ ਮੌਤ ਦੇ ਕੰਢੇ ਲੈ ਗਿਆ। ਨਾਨਕ ਦੀ ਇਹ ਵੀਡੀਓ ਅਮਰੀਕਾ ਦੇ ਮੱਧ ਦੇਸ਼ ਕੋਸਟਾਰਿਕਾ ਦੀ ਹੈ, ਜਿਥੇ ਦਿਮਾਗੀ ਹਾਲਤ ਤੋਂ ਪ੍ਰੇਸ਼ਾਨ ਹੋ ਚੁੱਕਾ ਨਾਨਕ ਪਾਣੀ ਦੀ ਭੀਖ ਮੰਗ ਰਿਹਾ ਹੈ। 
ਦਰਅਸਲ ਅਮਰੀਕਾ ਜਾਣ ਲਈ ਨਾਨਕ ਨੇ ਏਜੰਟ ਨੂੰ 25 ਲੱਖ ਰੁਪਏ ਦਿੱਤੇ ਸਨ। ਉਸ ਏਜੰਟ ਨੇ ਉਸ ਨੂੰ ਅਮਰੀਕਾ ਜਾਣ ਦਾ ਰਾਹ ਪਨਾਮਾ ਦੇ ਜੰਗਲ ਦਾ ਦਿਖਾਇਆ, ਜੋ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਸੀ। ਇਸ ਜੰਗਲ ਰਾਹੀਂ ਕਈ ਨੌਜਵਾਨ ਆਪਣਾ ਸਫਰ ਅਮਰੀਕਾ ਜਾਣ ਲਈ ਤੈਅ ਕਰਦੇ ਹਨ। ਕਈ ਨੌਜਵਾਨ ਆਪਣੀ ਜ਼ਿੰਦਗੀ ਅੱਗੇ ਹਾਰ ਜਾਂਦੇ ਹਨ ਤੇ ਕਈ ਮਰਦੇ-ਡਿੱਗਦੇ ਅਮਰੀਕਾ ਦੇ ਬਾਰਡਰ ਤਕ ਪਹੁੰਚ ਜਾਂਦੇ ਹਨ। ਅਜਿਹਾ ਹੀ ਸਫਰ ਤੈਅ ਕੀਤਾ ਸੀ ਨਾਨਕ ਨੇ ਪਰ ਇਸ ਸਫਰ ਨੇ ਨਾਨਕ ਨੂੰ ਇਸ ਕਦਰ ਸਦਮੇ 'ਚ ਸੁੱਟ ਦਿੱਤਾ ਕਿ ਉਹ ਕੋਸਟਾਰਿਕਾ 'ਚ ਅੱਜ ਆਪਣੀ ਹੋਸ਼ ਭੁਲਾ ਬੈਠਾ ਹੈ।  
ਹੁਣ ਤੁਹਾਨੂੰ ਲੁਧਿਆਣਾ ਦੇ ਇਸ ਨੌਜਵਾਨ ਦੀ ਉਹ ਵੀਡੀਓ ਦਿਖਾਉਦੇ ਹਾਂ ਜਿਸ ਨੂੰ ਦੇਖ ਤੁਸੀਂ ਵੀ ਦਹਿਲ ਜਾਓਗੇ, ਡਰ ਜਾਓਗੇ ਅਤੇ ਉਹ ਵੀਡੀਓ ਜੋ ਤੁਹਾਡੇ ਦਿਮਾਗ 'ਚੋਂ ਅਮਰੀਕਾ ਜਾਣ ਦਾ ਭੂਤ ਕੱਢ ਦੇਵੇਗੀ।
ਇਹ ਵੀਡੀਓ ਕੋਸਟਾਰਿਕਾ ਦੀ ਹੈ, ਜਿਥੇ ਦਿਮਾਗ ਤੋਂ ਕਮਜ਼ੋਰ ਹੋਏ ਨਾਨਕ ਨੂੰ ਉਥੋਂ ਦੇ ਲੋਕਾਂ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ। ਹਸਪਤਾਲ 'ਚ ਹੋਸ਼ ਆਉਣ ਤੋਂ ਬਾਅਦ ਇੰਡੀਅਨ ਅੰਬੈਸੀ ਨੇ ਉਸ ਨੂੰ ਵਾਪਸ ਭੇਜਣ ਦੀ ਗੱਲ ਸ਼ੁਰੂ ਕੀਤੀ। ਹਸਪਤਾਲ 'ਚ ਬਣੇ 10 ਲੱਖ ਦੇ ਬਿੱਲ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਮਾਫ ਕਰਵਾ ਕੇ ਨਾਨਕ ਨੂੰ ਵਾਪਸ ਲਿਆਂਦਾ ਗਿਆ ਅਤੇ ਫਰਜ਼ੀ ਏਜੰਟ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਪਰ ਨਾਨਕ ਹਾਲੇ ਵੀ ਉਸ ਸਦਮੇ 'ਚੋਂ ਬਾਹਰ ਨਹੀਂ ਆ ਸਕਿਆ ਜਿਸ ਦਾ ਇਲਾਜ ਉਸ ਦੇ ਪਰਿਵਾਰ ਵਾਲੇ ਕਰਵਾ ਰਹੇ ਹਨ।