ਪਾਕਿ ਅਧਿਕਾਰੀ ਦਾ ਦਾਅਵਾ, ‘ਸਿੱਖ ਲੜਕੀ ਨੇ ਘਰ ਵਾਪਸੀ ਤੋਂ ਕੀਤਾ ਇਨਕਾਰ’

08/31/2019 9:32:02 PM

ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ’ਚ ਗਵਰਨਰ ਦੀ ਅਪੀਲ ਦੇ ਬਾਵਜੂਦ ਸਿੱਖ ਲੜਕੀ ਨੇ ਸ਼ਨੀਵਾਰ ਨੂੰ ਆਪਣੇ ਘਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਸਿੱਖ ਲੜਕੀ ਨੂੰ ਕਥਿਤ ਤੌਰ ’ਤੇ ਅਗਵਾਹ ਕਰਨ ਅਤੇ ਧਰਮ ਪਰਿਵਰਤਨ ਕਰਾ ਕੇ ਉਸ ਦਾ ਵਿਆਹ ਮੁਸਲਿਮ ਵਿਅਕਤੀ ਨਾਲ ਕਰ ਦਿੱਤਾ। ਇਕ ਅਧਿਕਾਰੀ ਨੇ ਆਖਿਆ ਕਿ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਲਾਹੌਰ ’ਚ ਇਕ ਆਸ਼ਰਮ ’ਤੇ ਲੜਕੀ ਨਾਲ ਮੁਲਾਕਾਤ ਕੀਤੀ ਅਤੇ ਉਸ ਤੋਂ ਘਰ ਵਾਪਸ ਜਾਣ ਦੀ ਅਪੀਲ ਕੀਤੀ ਪਰ ਸਿੱਖ ਲੜਕੀ ਨੇ ‘ਜਾਨ ਦਾ ਖਤਰਾ’ ਦੱਸਦੇ ਹੋਏ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਇਕ ਸਿੱਖ ਗ੍ਰੰਥੀ ਦੀ ਇਸ ਧੀ ਨੂੰ ਇਕ ਅਦਾਲਤ ਦੇ ਆਦੇਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਦਾਰੂਲ ਅਮਨ (ਆਸ਼ਰਮ) ਭੇਜਿਆ ਗਿਆ ਸੀ। ਉਸ ਨੇ ਜੱਜ ਨੂੰ ਦੱਸਿਆ ਸੀ ਕਿ ਉਸ ਦੀ ਮਰਜ਼ੀ ਨਾਲ ਹੀ ਉਸ ਦਾ ਵਿਆਹ ਇਲਾਕੇ ’ਚ ਰਹਿਣ ਵਾਲੇ ਮੁਹੰਮਦ ਹਸਨ ਨਾਲ ਹੋਇਆ ਹੈ।

ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਬੰਦੂਕ ਦੇ ਜ਼ੋਰ ’ਤੇ ਉਸ ਦਾ ਧਰਮ ਪਰਿਵਰਤਨ ਕਰਾ ਕੇ ਉਸ ਨੂੰ ਮੁਸਲਿਮ ਲੜਕੇ ਨਾਲ ਵਿਆਹ ਲਈ ਮਜ਼ਬੂਰ ਕੀਤਾ ਗਿਆ। ਪਰਿਵਾਰ ਦਾ ਆਖਣਾ ਹੈ ਕਿ ਉਹ 18 ਸਾਲ ਦੀ ਹੈ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਪੀ. ਟੀ. ਆਈ. ਨੂੰ ਆਖਿਆ ਕਿ ਗਵਰਨਰ ਸਰਵਰ ਨੇ ਲਾਹੌਰ ਦੇ ਦਾਰੂਲ ਅਮਨ ’ਚ ਸਿੱਖ ਲੜਕੀ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਪਰਿਵਾਰ ਵਾਲਿਆਂ ਕੋਲ ਵਾਪਲ ਭੇਜਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੇ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਆਖਿਆ ਕਿ ਲੜਕੀ ਨੇ ਗਵਰਨਰ ਨੂੰ ਦੱਸਿਆ ਉਹ ਹਸਨ ਨੂੰ ਪਿਆਰ ਕਰਦੀ ਹੈ ਅਤੇ ਉਸ ਨੇ ਆਪਣਾ ਮਰਜ਼ੀ ਨਾਲ ਉਸ ਨਾਲ ਵਿਆਹ ਕੀਤਾ। ਉਸ ਨੇ ਆਪਣੀ ਜਾਨ ਦਾ ਖਤਰਾ ਦੱਸ ਕੇ ਲਾਹੌਰ ਤੋਂ 80 ਕਿ. ਮੀ. ਦੂਰ ਨਨਕਾਣਾ ਸਾਹਿਬ ’ਚ ਸਥਿਤ ਆਪਣੇ ਘਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੁਲਸ ਨੇ ਇਸ ਮਾਮਲੇ ’ਚ 6 ਲੋਕਾਂ ਨੂੰ ਗਿ੍ਰਫਤਾਰ ਕੀਤਾ ਸੀ। ਜਿਸ ਤੋਂ ਬਾਅਦ ਪੁਲਸ ਨੇ ਹਸਨ ਦੇ ਦੋਸਤ ਅਰਸਲਾਨ ਨੂੰ ਵੀ ਗਿ੍ਰਫਤਾਰ ਕੀਤਾ। ਉਹ ਵੀ ਮਾਮਲੇ ’ਚ ਮੁਖ ਦੋਸ਼ੀ ਹੈ ਪਰ ਫਿਲਹਾਲ ਗਿ੍ਰਫਤਾਰੀ ਤੋਂ ਬਾਅਦ ਜ਼ਮਾਨਤ ’ਤੇ ਬਾਹਰ ਹੈ।

ਪੁਲਸ ਨੇ ਸ਼ਨੀਵਾਰ ਨੂੰ 10 ਹੋਰ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ ਜਿਨ੍ਹਾਂ ’ਚ ਹਸਨ ਦੇ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹਨ। ਅਧਿਕਾਰੀ ਨੇ ਆਖਿਆ ਕਿ ਗਵਰਨਰ ਨੇ ਲੜਕੀ ਨੂੰ ਇਹ ਤੱਕ ਆਖਿਆ ਕਿ ਧਰਮ ਤੋਂ ਬਾਹਰ ਉਸ ਦਾ ਵਿਆਹ ਧਾਰਮਿਕ ਮੁੱਦਾ ਬਣ ਰਿਹਾ ਹੈ ਅਤੇ ਨਨਕਾਣਾ ਸਾਹਿਬ ’ਚ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਤਣਾਅ ਹੈ ਪਰ ਉਹ ਨਹੀਂ ਮੰਨੀ। ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ’ਚ ਸਿੱਖ ਭਾਈਚਾਰੇ ਨੇ ਲੜਕੀ ਨੂੰ ਵਾਪਸ ਉਸ ਦੇ ਪਰਿਵਾਰ ਕੋਲ ਭੇਜਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਪੰਜਾਬ ਸੂਬੇ ਦੀ ਸਰਕਾਰ ਨੇ ਨਾਰਾਜ਼ ਸਿੱਖਾਂ ਦੇ ਨਾਲ ਗੱਲਬਾਤ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਕੁਝ ਰਿਪੋਰਟਾਂ ’ਚ ਆਖਿਆ ਗਿਆ ਹੈ ਕਿ ਨਨਕਾਣਾ ਸਾਹਿਬ ’ਚ ਸਿੱਖ ਭਾਈਚਾਰੇ ਨੇ ਗੁਰੂਦੁਆਰਾ ਜਨਮ ਸਥਾਨ ਸਮੇਤ ਸਾਰੇ ਗੁਰੂਦੁਆਰਿਆਂ ’ਚ ਮੁਸਲਿਮਾਂ ਦੀ ਐਂਟਰੀ ’ਤੇ ਉਦੋਂ ਤੱਕ ਰੋਕ ਲਾ ਦਿੱਤੀ ਹੈ ਜਦ ਤੱਕ ਲੜਕੀ ਆਪਣੇ ਪਰਿਵਾਰ ਨੂੰ ਮਿਲ ਨਹੀਂ ਜਾਂਦੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ। ਪੰਜਾਬ ਪੁਲਸ ਨੇ ਰਾਜ ਦੇ ਕਾਨੂੰਨ ਮੰਤਰੀ ਰਾਜਾ ਬਸ਼ਾਰਤ ਦੀ ਅਗਵਾਈ ’ਚ ਇਕ ਉੱਚ ਪੱਧਰੀ ਕਮੇਟੀ ਗਠਨ ਕੀਤੀ ਹੈ, ਜਿਸ ਨੂੰ ਹਾਲਾਤ ਸ਼ਾਂਤ ਕਰਨ ਲਈ ਨਨਕਾਣਾ ਸਾਹਿਬ ਭੇਜਿਆ ਗਿਆ ਹੈ। ਇਹ ਕਮੇਟੀ 30 ਮੈਂਬਰੀ ਕਮੇਟੀ ਨਾਲ ਗੱਲਬਾਤ ਕਰੇਗੀ, ਜਿਸ ਦਾ ਗਠਨ ਇਸ ਘਟਨਾ ਨੂੰ ਲੈ ਕੇ ਪਾਕਿਸਤਾਨ ਦੇ ਸਿੱਖ ਭਾਚੀਚਾਰੇ ਨੇ ਕੀਤਾ ਹੈ। ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮੀਰ ਸਿੰਘ ਨੇ ਪੀ. ਟੀ. ਆਈ. ਨੂੰ ਆਖਿਆ ਕਿ ਨਨਕਾਣਾ ਸਾਹਿਬ ’ਚ ਹਾਲਾਤ ਕਾਬੂ ’ਚ ਹਨ। ਉਮੀਦ ਹੈ ਕਿ ਇਹ ਮਾਮਲਾ ਸੁਖਾਵੇ ਤਰੀਕੇ ਨਾਲ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਨਕਾਣਾ ਸਾਹਿਬ ’ਚ ਮੁਸਲਿਮਾਂ ਦੀ ਐਂਟਰੀ ’ਤੇ ਰੋਕ ਨਹੀਂ ਲਾਈ ਗਈ।

Khushdeep Jassi

This news is Content Editor Khushdeep Jassi