ਜਲੰਧਰ 'ਚ ਪਾਕਿਸਤਾਨੀ ਫਲੈਗ ਵਰਗੇ ਦਿਸਣ ਵਾਲੇ ਝੰਡਿਆਂ ਦੀ ਵੀਡੀਓ ਵਾਇਰਲ, ਸ਼ਿਵ ਸੈਨਾ ਨੇ ਉਤਰਵਾਏ (ਵੀਡੀਓ)

11/05/2019 11:24:55 AM

ਜਲੰਧਰ,(ਵਰੁਣ): ਜਲੰਧਰ ਦੀ 66 ਫੁੱਟੀ ਰੋਡ 'ਤੇ ਸਥਿਤ ਵਿਜੇ ਕਾਲੋਨੀ ਦੀ ਮਸਜਿਦ 'ਚ ਲੱਗੇ ਪਾਕਿਸਤਾਨੀ ਫਲੈਗ ਵਰਗੇ ਦਿਸਣ ਵਾਲੇ ਝੰਡੇ ਦੀ ਵੀਡੀਓ ਵਾਇਰਲ ਹੋਣ 'ਤੇ ਵਿਵਾਦ ਹੋ ਗਿਆ। ਜਿਉਂ ਹੀ ਵੀਡੀਓ ਸ਼ਿਵ ਸੈਨਾ ਹਿੰਦ ਦੇ ਆਗੂ ਇਸ਼ਾਂਤ ਸ਼ਰਮਾ ਕੋਲ ਪਹੁੰਚੀ ਤਾਂ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਤੇ ਪੁਲਸ ਦੀ ਮੌਜੂਦਗੀ 'ਚ ਝੰਡਿਆਂ ਨੂੰ ਉਤਰਵਾ ਦਿੱਤਾ। ਝੰਡੇ ਉਤਰਵਾਉਣ ਨੂੰ ਲੈ ਕੇ ਮੁਸਲਿਮ ਭਾਈਚਾਰੇ 'ਚ ਰੋਸ ਫੈਲ ਗਿਆ। ਜਿਨ੍ਹਾਂ ਨੇ ਦੋਸ਼ ਲਾਇਆ ਕਿ ਉਹ ਝੰਡੇ ਪਾਕਿਸਤਾਨੀ ਨਹੀਂ ਸਗੋਂ 10 ਨਵੰਬਰ ਨੂੰ ਆਉਣ ਵਾਲੇ ਮੁਹੰਮਦ ਸਾਹਿਬ ਦੇ ਜਨਮ ਦਿਨ ਦੇ ਸਬੰਧ 'ਚ ਲਗਵਾਏ ਸਨ।

ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਹਿੰਦ ਦੇ ਪੰਜਾਬ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਵਿਜੇ ਨਗਰ ਵਿਚ ਇਕ ਮਸਜਿਦ ਅਤੇ ਆਲੇ-ਦੁਆਲੇ ਦੇ ਘਰਾਂ ਵਿਚ ਪਾਕਿਸਤਾਨੀ ਝੰਡਿਆਂ ਵਰਗੇ ਕੁਝ ਝੰਡੇ ਲੱਗੇ ਸਨ। ਵੀਡੀਓ ਵਿਚ ਕਿਹਾ ਗਿਆ ਸੀ ਕਿ ਜਲੰਧਰ ਵਿਚ ਪਾਕਿਸਤਾਨੀ ਝੰਡੇ ਲਹਿਰਾਏ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਡੀ. ਸੀ. ਪੀ., ਏ. ਡੀ. ਸੀ. ਪੀ. ਸਣੇ ਥਾਣਾ-7 ਦੇ ਐੱਸ. ਐੱਚ. ਓ. ਨੂੰ ਸੂਚਨਾ ਦਿੱਤੀ। ਈਸ਼ਾਂਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਸ ਟੀਮ ਮੌਕੇ 'ਤੇ ਸੀ। ਉਨ੍ਹਾਂ ਉਥੇ ਪਹੁੰਚ ਕੇ ਆਪਣੀ ਟੀਮ ਨਾਲ ਹੂ-ਬ-ਹੂ ਪਾਕਿਸਤਾਨੀ ਝੰਡਿਆਂ ਵਰਗੇ ਦਿਸਣ ਵਾਲੇ ਝੰਡਿਆਂ ਨੂੰ ਉਤਰਵਾ ਦਿੱਤਾ। ਇਸ ਦੌਰਾਨ ਮੌਕੇ 'ਤੇ ਪੁਲਸ ਵੀ ਮੌਜੂਦ ਸੀ। ਈਸ਼ਾਂਤ ਸ਼ਰਮਾ ਨੇ ਮੌਕੇ 'ਤੇ ਮੌਜੂਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਖਾਸ 'ਤੌਰ 'ਤੇ ਕਿਹਾ ਕਿ ਉਹ ਹਰ ਇਕ ਧਰਮ ਦੀ ਇੱਜ਼ਤ ਕਰਦੇ ਹਨ ਪਰ ਪਾਕਿਸਤਾਨ ਦਾ ਝੰਡਾ ਜਲੰਧਰ ਵਿਚ ਨਹੀਂ ਲੱਗਣ ਦੇਣਗੇ।

ਅਜੇ ਸ਼ਿਵ ਸੈਨਾ ਹਿੰਦ ਦੇ ਆਗੂ ਪੁਲਸ ਨੂੰ ਸ਼ਿਕਾਇਤ ਦੇਣ ਦੀ ਯੋਜਨਾ ਹੀ ਬਣਾ ਰਹੇ ਸਨ ਕਿ ਮੁਸਲਿਮ ਭਾਈਚਾਰੇ ਨੇ ਵਿਜੇ ਕਾਲੋਨੀ ਵਿਚ ਧਰਨਾ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮਾਮਲਾ ਵਿਗੜਦਾ ਵੇਖ ਕੇ ਏ. ਡੀ. ਸੀ. ਪੀ. ਪੀ. ਐੱਸ. ਭੰਡਾਲ, ਏ. ਸੀ. ਪੀ. ਨਾਰਥ ਧਰਮਪਾਲ, ਥਾਣਾ ਨੰ. 7 ਦੇ ਇੰਚਾਰਜ ਨਵੀਨ ਪਾਲ ਤੇ ਥਾਣਾ ਨੰ. 6 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਮੁਸਲਿਮ ਭਾਈਚਾਰੇ ਦਾ ਕਹਿਣਾ ਸੀ ਕਿ ਮਸਜਿਦ ਵਿਚ ਲੱਗੇ ਝੰਡੇ ਪਾਕਿਸਤਾਨ ਦੇ ਨਹੀਂ ਸਨ। ਉਨ੍ਹਾਂ ਕਿਹਾ ਕਿ 10 ਨਵੰਬਰ ਨੂੰ ਆ ਰਹੇ ਮੁਹੰਮਦ ਸਾਹਿਬ ਦੇ ਜਨਮ ਸਬੰਧੀ ਇਹ ਝੰਡੇ ਲਾਏ ਸਨ।

ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਝੰਡਿਆਂ ਨੂੰ ਪਾਕਿਸਤਾਨੀ ਦੱਸ ਕੇ ਵੀਡੀਓ ਬਣਾ ਕੇ ਗਲਤ ਢੰਗ ਨਾਲ ਵਾਇਰਲ ਕਰ ਦਿੱਤੀ। ਪੁਲਸ ਅਧਿਕਾਰਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਧਰਨਾ ਚੁਕਵਾਇਆ। ਉਧਰ ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਦਿੱਤਾ ਗਿਆ ਹੈ। ਹਾਲਾਂਕਿ ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਦੋਂਕਿ ਥਾਣਾ ਨੰ. 7 ਦੇ ਇੰਚਾਰਜ ਨਵੀਨ ਪਾਲ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਗਿਲੇ-ਸ਼ਿਕਵੇ ਦੂਰ ਕਰ ਦਿੱਤੇ ਗਏ ਹਨ।