ਫਿਰੋਜ਼ਪੁਰ ਛਾਉਣੀ ''ਚ ਡਿੱਗੇ ਪਾਕਿਸਤਾਨੀ ਝੰਡੇ ਤੇ ਗੁਬਾਰੇ

08/20/2017 6:47:50 AM

ਫਿਰੋਜ਼ਪੁਰ  (ਕੁਮਾਰ)  - ਫਿਰੋਜ਼ਪੁਰ ਛਾਉਣੀ ਦੇ ਕੁਝ ਖੇਤਰਾਂ ਵਿਚ ਡਿੱਗੇ ਪਾਕਿਸਤਾਨੀ ਝੰਡੇ ਅਤੇ ਗੁਬਾਰੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਛਾਉਣੀ ਦੇ ਆਰਮੀ ਤੇ ਬੀ. ਐੱਸ. ਐੱਫ. ਹੈੱਡਕੁਆਟਰ ਦੇ ਖੇਤਰਾਂ ਵਿਚ ਡਿੱਗੇ ਇਨ੍ਹਾਂ ਗੁਬਾਰਿਆਂ ਦੀ ਏਜੰਸੀਆਂ ਵੱਲੋਂ ਬੜੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਗੁਬਾਰਿਆਂ 'ਤੇ ਉਰਦੂ ਭਾਸ਼ਾ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਤੇ ਮੋਬਾਇਲ ਨੰਬਰ ਲਿਖੇ ਹੋਏ ਹਨ ਅਤੇ ਕੁਝ ਗੁਬਾਰਿਆਂ ਦੇ ਨਾਲ ਪਾਕਿਸਤਾਨੀ ਝੰਡੇ ਲੱਗੇ ਹੋਏ ਹਨ।ਬੇਸ਼ੱਕ ਇਨ੍ਹਾਂ ਗੁਬਾਰਿਆਂ ਦਾ ਫਿਰੋਜ਼ਪੁਰ ਛਾਉਣੀ ਵਿਚ ਡਿੱਗਣਾ ਆਮ ਗੱਲ ਵੀ ਹੋ ਸਕਦੀ ਹੈ, ਪਰ ਫਿਰ ਵੀ ਅੱਜ ਦੇ ਤਕਨੀਕੀ ਯੁਗ ਵਿਚ ਇਸਨੂੰ ਪਾਕਿ ਏਜੰਸੀਆਂ ਤੇ ਆਈ. ਐੱਸ. ਆਈ. ਦੀ ਸਾਜਿਸ਼ ਵੀ ਮੰਨਿਆ ਜਾ ਸਕਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਆਈ. ਐੱਸ. ਆਈ. ਤੇ ਪਾਕਿ ਏਜੰਸੀਆਂ ਨੇ ਇਨ੍ਹਾਂ ਗੁਬਾਰਿਆਂ ਨੂੰ ਆਰਮੀ ਖੇਤਰਾਂ ਦੀ ਫੋਟੋਗ੍ਰਾਫੀ ਕਰਨ ਦੇ ਲਈ ਫਿਰੋਜ਼ਪੁਰ ਛਾਉਣੀ ਦੇ ਖੇਤਰਾਂ ਵਿਚ ਡੇਗਿਆ ਹੋਵੇ। ਸਮਾਚਾਰ ਲਿਖੇ ਜਾਣ ਤੱਕ ਏਜੰਸੀਆਂ ਦੀ ਕਾਰਵਾਈ ਜਾਰੀ ਸੀ।