ਅੰਮ੍ਰਿਤਸਰ ਜੇਲ ''ਚੋਂ ਨੈੱਟਵਰਕ ਚਲਾ ਕੇ ਪਾਕਿ ਤੋਂ ਮੰਗਵਾਉਂਦਾ ਸੀ ਹੈਰੋਇਨ

04/26/2018 1:58:54 AM

ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸਪੈਸ਼ਲ ਟਾਸਕ ਫੋਰਸ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਅਸ਼ਵਨੀ ਕੁਮਾਰ ਸ਼ਰਮਾ ਅਤੇ ਏ. ਐੱਸ. ਆਈ. ਸੁਰੇਸ਼ ਕੁਮਾਰ ਮਨਚੰਦਾ, ਜਸਵੰਤ ਸਿੰਘ, ਲਾਡੋ ਅਤੇ ਮੰਗਲ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਚ ਬੰਦ ਕਥਿਤ ਸਮੱਗਲਰ ਹਰਵਿੰਦਰ ਸਿੰਘ ਉਰਫ ਛਿੰਦਰ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਉਸ ਦੀ ਨਿਸ਼ਾਨਦੇਹੀ 'ਤੇ 260 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ ਸਵਾ ਕਰੋੜ ਰੁਪਏ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਸ਼ਵਨੀ ਕੁਮਾਰ ਤੇ ਏ. ਐੱਸ. ਆਈ. ਸੁਰੇਸ਼ ਕੁਮਾਰ ਮਨਚੰਦਾ ਨੇ ਦੱਸਿਆ ਕਿ ਇਸ ਕਥਿਤ ਸਮੱਗਲਰ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ 11 ਲੱਖ 90 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 350 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਤੇ ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਦੀ ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਇਸ ਸਮੱਗਲਰ ਨੇ ਜੇਲ 'ਚੋਂ ਹੀ ਨੈੱਟਵਰਕ ਚਲਾਇਆ ਹੋਇਆ ਹੈ। ਇਸ ਨੈੱਟਵਰਕ ਦੇ ਰਾਹੀਂ ਉਸ ਨੇ ਪਾਕਿਸਤਾਨੀ ਸਮੱਗਲਰਾਂ ਤੋਂ 900 ਗ੍ਰਾਮ ਹੈਰੋਇਨ ਮੰਗਵਾਈ ਹੈ, ਜੋ ਕਿ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀ. ਓ. ਪੀ. ਜਗਦੀਸ਼ ਦੇ ਇਲਾਕੇ ਵਿਚ ਲੁਕਾ ਕੇ ਰੱਖੀ ਹੋਈ ਹੈ। ਐੱਸ. ਟੀ. ਐੱਫ. ਫਿਰੋਜ਼ਪੁਰ ਨੇ ਇਹ 900 ਗ੍ਰਾਮ ਹੈਰੋਇਨ ਕੁਝ ਦਿਨ ਪਹਿਲਾਂ ਬਰਾਮਦ ਕਰ ਲਈ ਸੀ ਅਤੇ ਪੁੱਛਗਿੱਛ ਕਰਨ 'ਤੇ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦੇ ਗਏ ਕਥਿਤ ਸਮੱਗਲਰ ਹਰਵਿੰਦਰ ਸਿੰਘ ਨੇ ਐੱਸ. ਟੀ. ਐੱਫ. ਸਾਹਮਣੇ ਕਈ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਬਾਰੇ ਕੇ ਇਲਾਕੇ ਵਿਚ ਬਰਾਮਦ ਕੀਤੀ ਗਈ ਹੈਰੋਇਨ ਸਮੇਤ ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਨੇ ਹੁਣ ਤੱਕ ਹਰਵਿੰਦਰ ਸਿੰਘ ਤੋਂ ਕੁਲ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।