ਰਾਜੌਰੀ 'ਚ ਸ਼ਹੀਦ ਹੋਏ ਮੁਕੇਰੀਆਂ ਦੇ ਜਵਾਨ ਦੇ ਪਰਿਵਾਰ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ

09/03/2020 10:59:38 AM

ਹੁਸ਼ਿਆਰਪੁਰ/ਮੁਕੇਰੀਆਂ— ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਜਵਾਬ ਦਿੰਦੇ ਹੋਏ ਬੁੱਧਵਾਰ ਨੂੰ ਮੁਕੇਰੀਆਂ ਦਾ ਜਵਾਨ ਰਾਜੇਸ਼ ਕੁਮਾਰ ਸ਼ਹਾਦਤ ਦਾ ਜਾਮ ਪੀ ਗਿਆ ਸੀ। ਰਾਜੇਸ਼ ਕੁਮਾਰ ਦੇ ਪੇਟ ਅਤੇ ਗਲੇ ’ਚ ਗੋਲੀਆਂ ਵੱਜੀਆਂ ਸਨ, ਜਿਸ ਨੂੰ ਜ਼ਖ਼ਮੀ ਹੋਣ ਉਪਰੰਤ ਹਸਪਤਾਲ ਲਿਜਾਇਆ ਗਿਆ ਸੀ ਅਤੇ ਇਥੇ ਡਾਕਟਰਾਂ ਨੇ ਉਸ ਨੂੰ ਸ਼ਹੀਦ ਕਰਾਰ ਦਿੱਤਾ ਸੀ। 

ਪਾਕਿਸਤਾਨ ਦੀ ਗੋਲੀਬਾਰੀ ’ਚ ਸ਼ਹੀਦ ਹੋਏ ਰਾਜੇਸ਼ ਕੁਮਾਰ ਦੇ ਪਰਿਵਾਰ ਲਈ ਸੂਬਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਦੀ ਐਕਸਗ੍ਰੇਸ਼ੀਆ ਦੇਣ ਦੇ ਨਾਲ-ਨਾਲ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। 


ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਜ਼ਰੀਏ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਤੋਂ ਇਕ ਬਹੁਤ ਹੀ ਦੁੱਖ ਭਰੀ ਖ਼ਬਰ ਨੇ ਮਨ ਦੁਖੀ ਕਰ ਦਿੱਤਾ ਜਿੱਥੇ 60 SATA ਯੂਨਿਟ ਦੇ ਸੂਬੇਦਾਰ ਰਾਜੇਸ਼ ਕੁਮਾਰ ਜੀ ਸ਼ਹੀਦ ਹੋ ਗਏ। ਉਨ੍ਹਾਂ ਲਿਖਿਆ ਕਿ ਪੰਜਾਬ ਸਰਕਾਰ, ਸ਼ਹੀਦ ਸੂਬੇਦਾਰ ਰਾਜੇਸ਼ ਜੀ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਅਤੇ ਉਨ੍ਹਾਂ ਦੇ ਪਰਿਵਾਰ ‘ਚੋਂ ਕਿਸੇ ਇਕ ਮੈਂਬਰ ਨੂੰ ਨੌਕਰੀ ਦੇਵੇਗੀ। ਮੇਰੀਆਂ ਅਰਦਾਸਾਂ ਇਨ੍ਹਾਂ ਦੇ ਪਰਿਵਾਰ ਦੇ ਨਾਲ ਹਨ ਅਤੇ ਇਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।

ਪਿੰਡ ‘ਚ ਛਾਈ ਸੋਗ ਦੀ ਲਹਿਰ
ਜਦੋਂ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਦੇ ਸ਼ਹੀਦ ਹੋਣ ਦੀ ਸੂਚਨਾ ਪਿੰਡ ਤੇ ਇਲਾਕੇ ‘ਚ ਮਿਲੀ ਤਾਂ ਸੋਗ ਦੀ ਲਹਿਰ ਦੋੜ ਗਈ ਜਦੋਂਕਿ ਸ਼ਹੀਦ ਦੀ ਮਾਤਾ ਰੌਸ਼ਨੀ ਦੇਵੀ­ ਧਰਮ ਪਤਨੀ ਅਨੀਤਾ ਦੇਵੀ­ ਪਿਤਾ ਰਾਮ ਚੰਦ ਅਤੇ ਪਰਿਵਾਰਿਕ ਮੈਂਬਰਾਂ ਦਾ ਵਰਲਾਪ ਵੇਖਿਆ ਨਹੀਂ ਜਾ ਰਿਹਾ ਸੀ। ਸ਼ਹੀਦ ਦੀ 13 ਸਾਲਾ ਲੜਕੀ ਰੀਆ ਅਤੇ 11 ਸਾਲਾ ਲੜਕਾ ਜਤਿਨ ਦਾ ਵੀ ਰੋ-ਰੋ ਕੇ ਪੂਰਾ ਹਾਲ ਹੈ। ਉਕਤ ਸ਼ਹੀਦ 1996 ‘ਚ 60 ਆਰ. ਟੀ. ਯੂਨਿਟ ਅਟੈਲਰੀ ‘ਚ ਭਰਤੀ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਪਹੁੰਚੇਗੀ, ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। 

shivani attri

This news is Content Editor shivani attri