ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦੀ ਹਰ ਇਕ ਨੂੰ ਉਡੀਕ, ਸਿੱਧੂ ਕਰੇ ਇਮਰਾਨ ਖਾਨ ਨਾਲ ਗੱਲ

08/21/2018 4:09:17 PM

ਜਲੰਧਰ (ਰਮਨਦੀਪ ਸੋਢੀ)—ਪਾਕਿਸਤਾਨ ਤੋਂ ਪਰਤੇ ਤੇ ਆਲੋਚਨਾ ਦਾ ਸਾਹਮਣਾ ਕਰ ਰਹ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਮਰਥਨ ਕੀਤਾ ਹੈ। ਉਨ੍ਹਾਂ ਨੇ ਭਾਜਪਾ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਿੱਧੂ ਅਤੇ ਪਾਕਿਸਤਾਨ ਆਰਮੀ ਚੀਫ ਬਾਜਵਾ ਦੀ ਜੱਫੀ 'ਤੇ ਇਤਰਾਜ਼ ਹੈ ਤਾਂ ਫਿਰ ਉਹ ਪ੍ਰਧਾਨ ਮੰਤਰੀ ਮੋਦੀ ਦੀ ਪਾਕਿਸਤਾਨੀ ਫੇਰੀ ਦੌਰਾਨ ਉੱਥੇ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਾਈ ਜੱਫੀ ਦਾ ਜਵਾਬ ਦੇਣ। ਜੇ ਮੁਲਕ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਜਾ ਸਕਦੇ ਹਨ ਤਾਂ ਫਿਰ ਸਿੱਧੂ ਦੇ ਪਾਕਿਸਤਾਨ ਜਾਣ 'ਚ ਕੀ ਬੁਰਾਈ ਹੈ।ਬਾਜਵਾ ਦੇ ਮੁਤਾਬਕ ਜੇਕਰ ਭਾਜਪਾ ਨੂੰ ਸਿੱਧੂ ਦੀ ਪਾਕਿਸਤਾਨ ਫੇਰੀ 'ਤੇ ਇੰਨਾ ਹੀ ਇਤਰਾਜ਼ ਸੀ ਤਾਂ ਫਿਰ ਭਾਰਤੀ ਵਿਦੇਸ਼ ਮੰਤਰਾਲੇ ਵਲੋਂ  ਉਨ੍ਹਾਂ ਨੂੰ ਜਾਣ ਦੀ ਮਨਜ਼ੂਰੀ ਕਿਉਂ ਦਿੱਤੀ ਗਈ? 

ਬਾਜਵਾ ਵਲੋਂ ਜਿੱਥੇ ਸਿੱਧੂ ਤੇ ਪਾਕਿਸਤਾਨ ਆਰਮੀ ਚੀਫ ਦਰਮਿਆਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਹੋਈ ਗੱਲਬਾਤ ਨੂੰ ਠੀਕ ਦੱਸਿਆ ਗਿਆ, ਉੱਥੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ 6 ਮਹੀਨੇ ਦੇ ਬਾਅਦ ਫਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲ ਕਰਨ, ਕਿਉਂਕਿ ਇਸ ਗੱਲ ਦੀ ਮਨਜ਼ੂਰੀ ਤਾਂ ਉਨ੍ਹਾਂ ਨੇ ਹੀ ਦੇਣੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਿੱਖ ਬੜੀ ਬੇਸਬਰੀ ਨਾਲ ਇਸ ਰਸਤੇ ਨੂੰ ਖੋਲ੍ਹਣ ਦੀ ਉਡੀਕ ਕਰ ਰਹੇ ਹਨ। ਜੇਕਰ ਸਿੱਧੂ ਤੇ ਪਾਕਿਸਤਾਨ ਆਰਮੀ ਚੀਫ ਦੀ ਚਰਚਾ ਹਕੀਕਤ 'ਚ ਬਦਲ ਜਾਂਦੀ ਹੈ ਤਾਂ ਸਿੱਖਾਂ ਲਈ ਇਸ ਤੋਂ ਵੱਡੀ ਖੁਸ਼ਖਬਰੀ ਹੋਰ ਕੀ ਹੋ ਸਕਦੀ ਹੈ।

ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਧੂ ਤੇ ਬਾਜਵਾ ਦੀ ਜੱਫੀ 'ਤੇ ਕੀਤੇ ਗਏ ਇਤਰਾਜ਼ 'ਤੇ ਬਾਜਵਾ ਦਾ ਕਹਿਣਾ ਹੈ ਕਿ ਕੈਪਟਨ ਨੇ ਸਿੱਧੂ ਦੀ ਫੇਰੀ ਦੀ ਆਲੋਚਨਾ ਨਹੀਂ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਸਿੱਧੂ ਦਾ ਕੱਦ ਘਟਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕੀ ਸਮੁੱਚੀ ਕਾਂਗਰਸ ਪਾਰਟੀ ਇਸ ਮਸਲੇ 'ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਖੜ੍ਹੀ ਹੈ।