ਕਰਤਾਰਪੁਰ ਕਾਰੀਡੋਰ ਤੋਂ ਬਾਅਦ ਪਾਕਿ ਦਾ ਸਿੱਖਾਂ ਲਈ ਇਕ ਹੋਰ ਵੱਡਾ ਐਲਾਨ

04/10/2019 1:28:56 PM

ਇਸਲਾਮਾਬਾਦ, (ਏਜੰਸੀ)— ਮੰਗਲਵਾਰ ਨੂੰ ਪਾਕਿਸਤਾਨ ਵਲੋਂ ਸਿੱਖਾਂ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ 'ਚ ਰੇਲਵੇ ਸਟੇਸ਼ਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਨਿਟ ਨੇ ਨਨਕਾਣਾ ਸਾਹਿਬ ਵਿਖੇ ਰੇਲਵੇ ਸਟੇਸ਼ਨ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਥੋਂ ਦੇ ਸਟੇਸ਼ਨ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ ਜਾਵੇਗਾ। ਇਸ ਖਬਰ ਨਾਲ ਸਿੱਖਾਂ 'ਚ ਖੁਸ਼ੀ ਦੀ ਲਹਿਰ ਹੈ।

ਸਿੱਖਾਂ ਲਈ ਨਨਕਾਣਾ ਸਾਹਿਬ ਦਾ ਬਹੁਤ ਮਹੱਤਵ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਇਸ ਸ਼ਹਿਰ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਤੋਂ ਵਿਦੇਸ਼ਾਂ ਤਕ ਲੋਕ ਜਾਣੂ ਹਨ। ਹਰ ਸਾਲ ਸਿੱਖ ਸ਼ਰਧਾਲੂ ਇੱਥੇ ਵਿਸਾਖੀ ਮਨਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਇਕੱਠੇ ਹੁੰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਸਮਝੌਤਾ ਹੋਇਆ ਅਤੇ ਗੁਰਦਾਸਪੁਰ ਜ਼ਿਲੇ ਤੋਂ ਨਨਕਾਣਾ ਸਾਹਿਬ ਤਕ ਪੱਕੀ ਸੜਕ ਬਣੇਗੀ। ਜ਼ਿਕਰਯੋਗ ਹੈ ਕਿ ਇਸ ਵਾਰ ਵਿਸਾਖੀ ਲਈ ਪਾਕਿਸਤਾਨ ਹਾਈ ਕਮਿਸ਼ਨ ਨੇ 2200 ਭਾਰਤੀ ਸਿੱਖਾਂ ਨੂੰ ਵੀਜ਼ੇ ਜਾਰੀ ਕੀਤੇ ਹਨ।