ਪਾਕਿਸਤਾਨ ਨੇ 'ਬੰਗੇ ਪਿੰਡ' ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ 'ਭਗਤਪੁਰਾ' ਰੱਖਿਆ

09/27/2017 3:35:52 PM

ਹੁਸ਼ਿਆਰਪੁਰ / ਇਸਲਾਮਾਬਾਦ, (ਏਜੰਸੀ)— ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਅਤੇ ਵਕੀਲ ਇਮਤਿਆਜ਼ ਰਸ਼ੀਦ ਕੁਰੈਸ਼ੀ ਮੰਗਲਵਾਰ ਨੂੰ ਪਿੰਡ ਅੰਬਾਲਾ ਜੱਟਾਂ 'ਚ ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਅਤੇ ਉਨ੍ਹਾਂ ਦੇ ਦੋਹਤੇ ਸੁਖਵਿੰਦਰ ਸਿੰਘ ਸੰਘਾ ਨੂੰ ਮਿਲੇ। 
ਰਸ਼ੀਦ ਨੇ ਆਪਣੇ ਨਾਲ ਲਿਆਂਦੇ ਸ਼ਹੀਦ ਭਗਤ ਸਿੰਘ ਦੇ ਪਕਿਸਤਾਨ ਸਥਿਤ ਜੱਦੀ ਮਕਾਨ 'ਚ ਲੱਗੇ ਅੰਬ ਦੇ ਦਰਖਤ ਦੇ ਪੱਤੇ ਅਤੇ ਉਸ ਘਰ 'ਚ ਲੱਗੇ ਨਕਲੇ ਦਾ ਪਾਣੀ ਉਨ੍ਹਾਂ ਨੂੰ ਸੌਂਪਿਆ। ਕੁਰੈਸ਼ੀ ਨੇ ਦੱਸਿਆ,''ਇਹ ਦਰਖਤ ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਅਰਜੁਨ ਸਿੰਘ ਨੇ 200 ਸਾਲ ਪਹਿਲਾਂ ਲਗਵਾਇਆ ਸੀ। ਅੱਜ ਵੀ ਇਸ ਦਰਖਤ 'ਤੇ ਇਕ ਸਾਲ ਛੱਡ ਕੇ ਫਲ ਲੱਗਦੇ ਹਨ। 
ਵਕੀਲ ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨੀ ਸਰਕਾਰ ਨੇ ਦੋ ਸਾਲ ਪਹਿਲਾਂ ਬੰਗੇ ਪਿੰਡ (ਜ਼ਿਲਾ ਫੈਸਲਾਬਾਦ) ਦਾ ਨਾਂ ਬਦਲ ਕੇ ਸ਼ਹੀਦ ਦੇ ਨਾਂ 'ਤੇ ਭਗਤਪੁਰਾ ਰੱਖ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਤੋਂ ਇਸ ਦੀ ਮੰਗ ਕੀਤੀ ਸੀ। 
ਸ਼ਹੀਦ ਦੇ ਜੱਦੀ ਘਰ ਦੀ ਕੋਈ ਕੀਮਤ ਨਹੀਂ—
ਕੁਰੈਸ਼ੀ ਮੁਤਾਬਕ ਭਗਤਪੁਰਾ 'ਚ 15 ਮਰਲੇ ਦੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ 'ਚ ਇਸ ਸਮੇਂ ਪਿੰਡ ਦਾ ਮੁਖੀ ਜਮਾਤ ਅਲੀ ਰਹਿ ਰਿਹਾ ਹੈ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਘਰ ਨੂੰ ਖਰੀਦਣ ਲਈ ਵੀ ਜਮਾਤ ਅਲੀ ਨੂੰ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਰ ਦੀ ਕੋਈ ਕੀਮਤ ਨਹੀਂ ਹੈ। ਜਮਾਤ ਅਲੀ ਨੇ ਕਿਹਾ,''ਮੇਰੇ ਪੁੱਤਰ ਦਾ ਜਨਮ ਵੀ ਉਸੇ ਕਮਰੇ 'ਚ ਹੋਇਆ ਜਿੱਥੇ ਭਗਤ ਸਿੰਘ ਦਾ ਜਨਮ ਹੋਇਆ ਸੀ, ਜੋ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਕੁਰੈਸ਼ੀ ਮੁਤਾਬਕ ਘਰ ਦੀ ਹਾਲਤ ਉਸੇ ਤਰ੍ਹਾਂ ਦੀ ਹੈ ਜਿਵੇਂ 1947 'ਚ ਪਰਿਵਾਰ ਵਾਲੇ ਛੱਡ ਕੇ ਗਏ ਸਨ। ਅੱਜ ਵੀ ਘਰ ਦੇ ਬਾਹਰ 'ਭਗਤ ਸਿੰਘ ਸੰਧੂ' ਹਵੇਲੀ ਲਿਖਿਆ ਹੋਇਆ ਹੈ।