ਪਾਕਿ ਸਰਕਾਰ ਸ਼ਰਧਾਲੂਆਂ ਦੀ ਗਿਣਤੀ ਦੀ ਹੱਦ ਤੈਅ ਨਾ ਕਰੇ : ਸੁਖਬੀਰ

07/02/2019 10:24:23 PM

ਚੰਡੀਗੜ੍ਹ (ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੇ ਜਲਦ ਨਿਰਮਾਣ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੇ ਅਹਿਮ ਅਤੇ ਚਿਰੋਕਣੇ ਮੁੱਦਿਆਂ ਨੂੰ ਜਲਦੀ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਅਕਾਲੀ ਦਲ ਪ੍ਰਧਾਨ ਨੇ ਅੱਜ ਇਥੇ ਕਿਹਾ ਕਿ ਕੇਂਦਰ ਸਰਕਾਰ ਨੇ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਰਾਵੀ ਦਰਿਆ 'ਤੇ ਪੁਲ ਅਤੇ ਅਤਿ-ਆਧੁਨਿਕ ਯਾਤਰੀ ਟਰਮੀਨਲ ਇਮਾਰਤ ਕੰਪਲੈਕਸ ਦੀ ਉਸਾਰੀ ਦਾ ਕਾਰਜ ਤੇਜ਼ ਕਰ ਦਿੱਤਾ ਹੈ।

ਭਾਰਤੀ ਖੇਤਰ ਵੱਲ ਤੇਜ਼ੀ ਨਾਲ ਹੋ ਰਹੇ ਨਿਰਮਾਣ ਦੀ ਸ਼ਲਾਘਾ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨੀ ਸਰਕਾਰ ਇਸ ਅਤਿ-ਸੰਵੇਦਨਸ਼ੀਲ ਮੁੱਦੇ 'ਤੇ ਦੋਗਲੀ ਬੋਲੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਾਕਿਸਤਾਨ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਇਸ ਵਲੋਂ 320 ਮੀਟਰ ਲੰਬਾ ਪੁਲ ਬਣਾਉਣ ਦੀ ਬਜਾਏ ਮਹਿਜ ਸੜਕ ਹੀ ਉਚੀ ਕਰਕੇ ਬਣਾਈ ਜਾ ਰਹੀ ਹੈ।

ਪਾਕਿਸਤਾਨ ਲਾ ਰਿਹੈ ਬੇਤੁਕੀਆਂ ਪਾਬੰਦੀਆਂ
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਰੋਜ਼ਾਨਾ ਸਿਰਫ 700 ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਇਜਾਜ਼ਤ ਦੇਣ ਦੀ ਸ਼ਰਤ ਲਾ ਦਿੱਤੀ ਹੈ ਅਤੇ ਇਹ ਸ਼ਰਤ ਪਹਿਲਾਂ ਤੋਂ ਹੀ ਸਾਲ ਦੇ ਸੀਮਤ ਦਿਨਾਂ 'ਤੇ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਸ਼ਰਧਾਲੂਆਂ ਲਈ ਰੱਖੀ ਗਈ ਦਾਖ਼ਲਾ ਫੀਸ ਅਤੇ ਪਰਮਿਟ ਫੀਸ ਵੀ ਬਹੁਤ ਜ਼ਿਆਦਾ ਹੈ, ਜੋ ਕਿ ਆਮ ਦਿਨਾਂ ਦੌਰਾਨ ਪ੍ਰਤੀ ਵਿਅਕਤੀ 1600 ਰੁਪਏ ਅਤੇ ਵਿਸ਼ੇਸ਼ ਦਿਨਾਂ ਦੌਰਾਨ ਪ੍ਰਤੀ ਵਿਅਕਤੀ 8 ਹਜ਼ਾਰ ਰੁਪਏ ਰੱਖੀ ਗਈ ਹੈ। ਸੁਖਬੀਰ ਨੇ ਕਿਹਾ ਕਿ ਇਹ ਸਾਰੀਆਂ ਸ਼ਰਤਾਂ ਬੇਤੁਕੀਆਂ ਹਨ ਤੇ ਪਾਕਿਸਤਾਨ ਨੂੰ ਆਪਣਾ ਜਿਗਰਾ ਵੱਡਾ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਬੇਤੁਕੀਆਂ ਪਾਬੰਦੀਆਂ ਦਾ ਅਰਥ ਇਹ ਹੋਵੇਗਾ ਕਿ 'ਖੁੱਲ੍ਹੇ ਦਰਸ਼ਨ ਦੀਦਾਰੇ' ਵਾਸਤੇ ਕੀਤੀ ਜਾਂਦੀ ਸਿੱਖ ਅਰਦਾਸ ਅਧੂਰੀ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸ਼ਰਧਾਲੂਆਂ 'ਤੇ ਲਾਈ ਦਾਖ਼ਲਾ ਅਤੇ ਪਰਮਿਟ ਫੀਸ ਹਟਾ ਦੇਣੀ ਚਾਹੀਦੀ ਹੈ ਅਤੇ ਆਮ ਦਿਨਾਂ 'ਚ 5000 ਸ਼ਰਧਾਲੂਆਂ ਅਤੇ ਖਾਸ ਦਿਨਾਂ 'ਚ ਰੋਜ਼ਾਨਾ 15 ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਸਿੱਖ ਮੁੱਦਿਆਂ ਦੇ ਹੱਲ ਲਈ ਮੋਦੀ ਸਰਕਾਰ ਦਾ ਕੀਤਾ ਧੰਨਵਾਦ
ਸਿੱਖਾਂ ਦੇ ਲੰਬੇ ਸਮੇਂ ਤੋਂ ਲਟਕੇ ਹੋਏ ਮੁੱਦਿਆਂ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਵਲੋਂ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਸੁਖਬੀਰ ਨੇ ਕਿਹਾ ਕਿ ਦੁਨੀਆ ਭਰ ਦੇ ਸਿੱਖ ਉਨ੍ਹਾਂ ਸਾਰੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਲਈ ਸਿਟ ਬਣਾਉਣ ਵਾਸਤੇ ਨਰਿੰਦਰ ਮੋਦੀ ਦੇ ਧੰਨਵਾਦੀ ਹਨ, ਜਿਨ੍ਹਾਂ ਨੂੰ ਬੰਦ ਕੀਤਾ ਜਾ ਚੁੱਕਾ ਸੀ। ਉਨ੍ਹਾਂ ਕਿਹਾ ਕਿ ਮੋਦੀ ਵਲੋਂ ਕੀਤੀ ਇਸ ਕਾਰਵਾਈ ਕਰਕੇ ਹੀ ਸੱਜਣ ਕੁਮਾਰ ਨੂੰ ਸਜ਼ਾ ਹੋ ਸਕੀ ਹੈ। ਇਸ ਮੌਕੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਡੀ. ਐੱਸ. ਜੀ. ਐੱਮ. ਸੀ. ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਬਰਾੜ ਵੀ ਹਾਜ਼ਰ ਸਨ।

Karan Kumar

This news is Content Editor Karan Kumar