ਪਾਕਿਸਤਾਨ ਨੂੰ ਬਿਨਾਂ ਵਜ੍ਹਾ ਜਾ ਰਹੇ ਦਰਿਆਈ ਪਾਣੀ ''ਤੇ ਖਹਿਰਾ ਨੇ ਚੁੱਕੇ ਸਵਾਲ

06/07/2019 7:52:32 PM

ਜਲੰਧਰ,(ਵੈਬ ਡੈਸਕ): ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਪਾਕਿਸਤਾਨ ਨੂੰ ਬਿਨ੍ਹਾਂ ਵਜ੍ਹਾ ਜਾ ਰਹੇ ਦਰਿਆਈ ਪਾਣੀ 'ਤੇ ਕਈ ਸਵਾਲ ਚੁੱਕੇ ਗਏ ਹਨ। ਤਰਨਤਾਰਨ ਹਰੀਕੇ ਹੈਡ ਵਰਕਸ ਤੋਂ ਪਾਕਿਸਤਾਨ ਨੂੰ ਵਾਧੂ ਮਾਤਰਾ 'ਚ ਜਾ ਰਹੇ ਪਾਣੀ 'ਤੇ ਅੱਜ ਸੁਖਪਾਲ ਖਹਿਰਾ ਨੇ ਸ਼ੱਕ ਜ਼ਾਹਰ ਕਰਦੇ ਹੋਏ ਕਈ ਸਵਾਲ ਕੇਂਦਰ ਸਰਕਾਰ ਨੂੰ ਕੀਤੇ। ਖਹਿਰਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਹਰੀਕੇ ਹੈਡ ਵਰਕਸ ਤੋਂ ਵੱਡੇ ਪੱਧਰ 'ਤੇ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਹੈ, ਇਹ ਕਿਉਂ ਜਾ ਰਿਹਾ ਹੈ ਜਦਕਿ ਪੰਜਾਬ ਦੀਆਂ ਲਗਭਗ ਸਾਰੀਆਂ ਨਹਿਰਾਂ ਸੁੱਕੀਆਂ ਪਈਆਂ ਹਨ ਤੇ ਖੇਤੀ ਵਾਸਤੇ ਕਿਸਾਨ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਕਿਤੇ ਇਹ ਪੰਜਾਬ ਖਿਲਾਫ ਕੇਂਦਰ ਵਲੋਂ ਕੋਈ ਡੂੰਘੀ ਸਾਜਿਸ਼ ਤਾਂ ਨਹੀਂ ਰਚੀ ਜਾ ਰਹੀ ਹੈ? ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਪੰਜਾਬ ਏਕਤਾ ਪਾਰਟੀ ਦੇ ਮੈਂਬਰ ਗੁਰਮੀਤ ਸਿੰਘ ਬਰਾੜ ਨੇ ਪਾਕਿਸਤਾਨ ਬੋਰਡ ਸਾਹਨੇਵਾਲ ਨੇੜੇ ਖੜ ਕੇ ਪਿਛਲੇ ਦੋ ਦਿਨਾਂ ਤੋਂ ਇਸ ਬਾਰੇ ਰਿਸਰਚ ਕੀਤੀ। ਜਿਸ ਦੌਰਾਨ ਉਨ੍ਹਾਂ ਖੁਲ੍ਹਾਸਾ ਕੀਤਾ ਕਿ ਪੰਜਾਬ ਦਾ ਪਾਣੀ ਵੱਡੀ ਮਾਤਰਾ 'ਚ ਪਾਕਿਸਤਾਨ ਨੂੰ ਜਾ ਰਿਹਾ ਹੈ।