ਪਾਕਿ ਨੇ ਖਾਸ ਟ੍ਰੇਨਿੰਗ ਦੇ ਕੇ ਭੇਜੇ ਜਾਸੂਸ, ਪਹਿਲਾਂ ਫੇਸਬੁਕ ''ਤੇ ਕਰੋ ਪਿਆਰ ਤੇ ਫਿਰ ਕਰ ਲਓ ਵਿਆਹ

10/14/2017 5:24:25 PM

ਜਲੰਧਰ : ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਭਾਰਤ ਵਿਚ ਜਾਸੂਸੀ ਲਈ ਏਜੰਟਾਂ ਨੂੰ ਨਵੀਂ ਟ੍ਰੇਨਿੰਗ ਦੇ ਕੇ ਭਾਰਤ ਭੇਜ ਰਹੀ ਹੈ। ਆਈ. ਐੱਸ. ਆਈ. ਏਜੰਟ ਨੂੰ 'ਹਨੀ ਟ੍ਰੈਪ' ਦੀ ਸਪੈਸ਼ਟ ਟ੍ਰੇਨਿੰਗ ਦੇ ਰਹੀ ਹੈ। ਸ਼ੱਕ ਨਾ ਹੋਵੇ ਇਸ ਲਈ ਪਹਿਲਾਂ ਭਾਰਤੀ ਲੜਕੀਆਂ ਨੂੰ ਪਿਆਰ ਦੇ ਜਾਲ 'ਚ ਫਸਾਇਆ ਜਾ ਰਿਹਾ ਹੈ, ਫਿਰ ਵਿਆਹ ਕਰਕੇ ਨਾਗਰਿਕਤਾ ਲੈ ਕੇ ਜਾਸੂਸੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਜਲੰਧਰ 'ਚੋਂ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕ ਅਹਿਸਾਨ ਉਲ ਹੱਕ ਦਾ ਸਾਹਮਣੇ ਆਇਆ ਹੈ। ਹਾਲਾਂਕਿ ਉਸ ਨੇ ਖੁਦ ਨੂੰ ਜਾਸੂਸ ਨਹੀਂ ਮੰਨਿਆ ਹੈ ਪਰ ਬਾਵਜੂਦ ਇਸ ਦੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ।
ਇਹ ਹੈ ਮਾਮਲਾ
ਜਲੰਧਰ ਵਿਚ ਅਹਿਸਾਨ ਉਲ ਹੱਕ ਨਾਂ ਦੇ ਇਕ ਪਾਸਿਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲਾਂ ਤਾਂ ਉਸ ਨੇ ਫੇਸਬੁਕ 'ਤੇ ਬਲਵਿੰਦਰ ਕੌਰ ਨਾਂ ਦੀ ਲੜਕੀ ਨਾਲ ਦੋਸਤੀ ਕੀਤੀ ਅਤੇ ਪਿਆਰ ਦੇ ਜਾਲ 'ਚ ਫਸਾਇਆ। ਫਿਰ 19 ਜੁਲਾਈ 2012 ਨੂੰ ਵਿਆਹ ਕਰ ਲਿਆ। ਵਿਆਹ ਪਿੰਡ ਕੋਟਕਲਾਂ ਵਿਚ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਹੋਇਆ। ਅਹਿਸਾਨ ਉਲ ਹੱਕ ਨੇ ਲਾੜਾ ਬਣ ਕੇ ਸਿਰ 'ਤੇ ਪੱਗੜੀ ਵੀ ਬੰਨ੍ਹੀ। ਸ਼ੱਕ ਉਦੋਂ ਹੋਇਆ ਜਦੋਂ ਉਸ ਨੇ ਆਪਣੇ ਆਪ ਨੂੰ ਭਾਰਤੀ ਨਾਗਰਿਕ ਦੱਸ ਕੇ ਆਧਾਰ ਕਾਰਡ ਅਤੇ ਪੈਨ ਕਾਰਡ ਬਣਵਾ ਕੇ ਅਲੀਪੁਰ ਕਾਲੋਨੀ ਵਿਚ ਕੋਠੀ ਬਣਵਾ ਲਈ। ਭਾਵੇਂ ਖੁਫੀਆ ਏਜੰਸੀਆਂ ਵਲੋਂ ਪਾਕਿ ਨਾਗਰਿਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਅਤੇ ਉਸ ਨੇ ਖੁਦ ਨੂੰ ਜਾਸੂਸ ਮੰਨਣ ਤੋਂ ਇਨਕਾਰ ਕੀਤਾ ਹੈ ਬਾਵਜੂਦ ਇਸ ਦੇ ਹਾਲਾਤ ਉਸ ਦੇ ਉਲਟ ਹਨ।
ਇਸ ਤੋਂ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਅਜਿਹੇ ਮਾਮਲੇ
2 ਅਗਸਤ 2010 ਨੂੰ ਫਿਰੋਜ਼ਪੁਰ ਪੁਲਸ ਨੇ 24 ਸਾਲ ਦੇ ਰਾਜੋਲਾਹ ਨੂੰ ਗ੍ਰਿਫਤਾਰ ਕੀਤਾ ਸੀ। ਉਹ ਆਈ. ਐੱਸ. ਆਈ. ਏਜੰਟ ਸੀ ਅਤੇ ਨੇਪਾਲ ਰਾਹੀਂ ਭਾਰਤ ਦਾਖਲ ਹੋਇਆ ਸੀ। ਰਾਜੋਲਾਹ ਨੇ ਹਾਊਸਿੰਗ ਬੋਰਡ ਕਾਲੋਨੀ ਵਿਚ ਕੈਟਰਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕ ਉਸ ਨੂੰ ਰਾਕੇਸ਼ ਕੁਮਾਰ ਦੇ ਨਾਮ ਨਾਲ ਜਾਣਦੇ ਸਨ। ਉਸ ਨੇ ਵੋਟਰ ਕਾਰਡ, ਡ੍ਰਾਈਵਿੰਗ ਲਾਇਸੈਂਸ ਤਕ ਬਣਵਾਇਆ ਹੋਇਆ ਸੀ। ਉਹ ਬੜੇ ਆਰਾਮ ਨਾਲ ਫੌਜੀ ਇਲਾਕੇ ਵਿਚ ਬੁਲਟ 'ਤੇ ਘੁੰਮਦਾ ਸੀ। ਉਸ ਦੇ ਚੱਕਰ ਵਿਚ ਤਿੰਨ ਲੜਕੀਆਂ ਫਸੀਆਂ ਹੋਈਆਂ ਸਨ। ਤੀਸਰੀ ਲੜਕੀ ਨੂੰ ਪਤਾ ਲੱਗ ਗਿਆ ਕਿ ਰਾਕੇਸ਼ ਦਾ ਦੋ ਹੋਰ ਕੁੜੀਆਂ ਨਾਲ ਚੱਕਰ ਹੈ। ਉਸ ਦੀ ਗਰਲਫ੍ਰੈਂਡ ਨੇ ਹੀ ਪੁਲਸ ਨੂੰ ਸੂਚਨਾ ਦਿੱਤੀ ਸੀ। ਗ੍ਰਿਫਤਾਰ ਹੋਣ 'ਤੇ ਖੁਲਾਸਾ ਹੋਇਆ ਕਿ ਉਹ ਪਾਕਿਸਤਾਨੀ ਹੈ ਅਤੇ ਆਈ. ਐੱਸ. ਆਈ. ਲਈ ਜਾਸੂਸੀ ਕਰਦ ਹੈ। ਉਸ ਨੇ ਮੰਨਿਆ ਕਿ ਉਨ੍ਹਾਂ ਨੂੰ ਖਾਸ ਤੌਰ 'ਤੇ ਭਾਰਤੀ ਕੁੜੀਆਂ ਨਾਲ ਦੋਸਤੀ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਹੈ।
ਮੁਹੰਮਦ ਆਲਮ ਦੀ ਗ੍ਰਿਫਤਾਰੀ
ਜਲੰਧਰ ਦੇ ਵਰਕਸ਼ਾਪ ਚੌਕ ਨੇੜੇ 21 ਅਗਸਤ 2010 ਨੂੰ ਪਾਕਿਸਤਾਨੀ ਮੁਹੰਮਦ ਆਲਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਇਥੇ ਗੋਲਗੱਪੇ ਵੇਚਣ ਦੇ ਬਹਾਨੇ ਜਾਸੂਸੀ ਕਰ ਰਿਹਾ ਸੀ। ਆਲਮ ਨੂੰ 14 ਸਾਲ ਦੀ ਸਜ਼ਾ ਕਰਵਾਉਣ ਵਾਲੇ ਸਾਬਕਾ ਸੀ. ਆਈ. ਏ. ਇੰਚਾਰਜ ਸਤੀਸ਼ ਮਲਹੋਤਰਾ ਨੇ ਦੱਸਿਆ ਕਿ ਆਲਮ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ ਟ੍ਰੇਨਿੰਗ 'ਚ ਸਿਖਾਇਆ ਜਾਂਦਾ ਹੈ ਕਿ ਕਿਵੇਂ ਭਾਰਤੀ ਕੁੜੀਆਂ ਨੂੰ ਪਿਆਰ 'ਚ ਫਸਾ ਕੇ ਵਿਆਹ ਕਰਨਾ ਹੈ। ਇਸ ਨਾਲ ਪਾਸਪੋਰਟ ਵਰਗੇ ਕਾਗਜ਼ਾਤ ਤਿਆਰ ਕੀਤੇ ਜਾ ਸਕਦੇ ਹਨ। ਆਲਮ ਵੀ ਨੇਪਾਲ ਦੇ ਰਸਤੇ ਭਾਰਤ 'ਚ ਦਾਖਲ ਹੋਇਆ ਸੀ।