...ਤੇ ਅੰਮ੍ਰਿਤਸਰ ''ਚ ਬਣੀ ''ਪੇਨ ਕਿਲਰ ਗੋਲੀ'' ਨੇ ਹਿਲਾ ਛੱਡੀਆਂ ਭਾਰਤੀ ਤੇ ਅਮਰੀਕੀ ਜਾਂਚ ਏਜੰਸੀਆਂ

11/06/2017 12:14:08 PM

ਚੰਡੀਗੜ੍ਹ : ਅੰਮ੍ਰਿਤਸਰ 'ਚ ਬਣੀ ਦਰਦ ਨਿਵਾਰਕ ਗੋਲੀ ਟਰੈਮਾਡੋਲ' ਨੇ ਭਾਰਤੀ ਅਤੇ ਅਮਰੀਕੀ ਜਾਂਚ ਏਜੰਸੀਆਂ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਇਸਲਾਮਿਕ ਸਟੇਟ ਦੇ ਜਹਾਦੀਆਂ ਵੱਡੇ ਪੱਧਰ 'ਤੇ ਇਨ੍ਹਾਂ ਗੋਲੀਆਂ ਦੀ ਵਰਤੋਂ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਤਾਲਵੀ ਪੁਲਸ ਨੇ ਆਪਣੀ ਬੰਦਰਗਾਹ ਤੋਂ ਸ਼ਨੀਵਾਰ ਨੂੰ 5 ਕਰੋੜ ਯੂਰੋ ਮੁੱਲ ਦੀਆਂ 2.4 ਕਰੋੜ ਗੋਲੀਆਂ ਬਰਾਮਦ ਕੀਤੀਆਂ ਹਨ, ਜਦੋਂ ਕਿ ਅੰਮ੍ਰਿਤਸਰ ਤੋਂ ਇਹ ਗੋਲੀਆਂ ਦੁਬਈ ਆਧਾਰਿਤ ਕੰਪਨੀ ਲਈ ਭੇਜੀਆਂ ਗਈਆਂ ਸਨ ਪਰ ਇਹ ਗੋਲੀਆਂ ਨਿਰਧਾਰਿਤ ਜਗ੍ਹਾ 'ਤੇ ਪੁੱਜਣ ਦੀ ਬਜਾਏ ਕਿਤੇ ਹੋਰ ਹੀ ਪਹੁੰਚ ਗਈਆਂ। ਸਮੁੰਦਰ 'ਚੋਂ ਇਹ ਗੋਲੀਆਂ ਇਸਲਾਮਿਕ ਸਟੇਟ ਦੇ ਜਹਾਦੀਆਂ ਕੋਲ ਖਾਣ ਅਤੇ ਅੱਗੇ ਵੇਚਣ ਲਈ ਪਹੁੰਚ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਖੁਫੀਆ ਸੂਤਰਾਂ ਅਤੇ ਮੀਡੀਆ ਰਿਪੋਰਟਾਂ ਦਾ ਦਾਅਵਾ ਹੈ ਕਿ 'ਟਰੈਮਾਡੋਲ' ਦੀ ਮੰਗ ਜਹਾਦੀਆਂ 'ਚ ਕਿਤੇ ਵੱਧ ਹੈ ਕਿਉਂਕਿ ਦਰਦ ਅਤੇ ਥਕਾਨ ਦੂਰ ਕਰਨ ਲਈ ਉਹ ਇਸ ਨੂੰ 'ਫਾਈਟਰ ਡਰੱਗ' ਕਹਿੰਦੇ ਹਨ। ਦਵਾਈ ਨੂੰ ਮਹਿੰਗੇ ਭਾਅ 'ਤੇ ਵੇਚ ਕੇ ਉਨ੍ਹਾਂ ਇਸ ਨੂੰ ਆਪਣੀ ਕਮਾਈ ਦਾ ਸਾਧਨ ਵੀ ਬਣਾਇਆ ਹੋਇਆ ਹੈ, ਜਿਸ ਨਾਲ ਉਹ ਵਿਦੇਸ਼ਾਂ 'ਚ ਦਹਿਸ਼ਤੀ ਕਾਰਵਾਈਆਂ ਲਈ ਫੰਡ ਮੁਹੱਈਆ ਕਰਾਉਂਦੇ ਹਨ। ਚੰਡੀਗੜ੍ਹ ਦੇ ਨਾਰਕੋਟਿਕਸ ਕੰਟਰੋਲ ਬਿਓਰੋ (ਐੱਨ. ਸੀ. ਬੀ.) ਨੂੰ ਕੇਂਦਰੀ ਏਜੰਸੀਆਂ ਨੇ ਚੌਕਸ ਕਰ ਦਿੱਤਾ ਹੈ ਤਾਂ ਜੋ ਉਹ ਗੋਲੀਆਂ ਬਣਾਉਣ ਵਾਲੀਆਂ ਅੰਮ੍ਰਿਤਸਰ ਆਧਾਰਿਤ 2 ਕੰਪਨੀਆਂ ਦੀ ਪੜਤਾਲ ਕਰੇ। ਕੰਪਨੀਆਂ ਨੇ ਹੁਣੇ ਜਿਹੇ ਦਵਾਈ ਦੀਆਂ 2 ਖੇਪਾਂ ਦੁਬਈ ਭਿਜਵਾਈਆਂ ਸਨ ਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਰਾਹ 'ਚੋਂ ਹੀ ਕਿਤੇ ਹੋਰ ਪਹੁੰਚ ਗਈਆਂ। ਸੂਤਰਾਂ ਮੁਤਾਬਕ ਜਾਂਚ ਏਜੰਸੀਆਂ ਦੇ ਦਖਲ ਮਗਰੋਂ ਇਖ ਕੰਪਨੀ ਦੀ ਤੀਜੀ ਖੇਪ ਨੂੰ ਭਾਰਤੀ ਕਸਟਮਜ਼ ਵਿਭਾਗ ਨੇ ਰੋਕ ਲਿਆ ਅਤੇ ਉਸ ਦੇ ਬਰਾਮਦਗੀ ਆਰਡਰ ਦੀ ਪੜਤਾਲ ਹੋ ਰਹੀ ਹੈ। ਅੰਮ੍ਰਿਤਸਰ 'ਚ 'ਟਰੈਮਾਡੋਲ' ਬਣਾਉਣ ਵਾਲੀਆਂ ਕੰਪਨੀਆਂ ਵਿਵਾਦਾਂ 'ਚ ਰਹੀਆਂ ਹਨ। ਸੂਬਾ ਡਰੱਗ ਕੰਟਰੋਲਰ ਨੇ ਪਿਛਲੇ ਸਾਲ ਐੱਨ. ਸੀ. ਬੀ. ਦੇ ਨਿਰਦੇਸ਼ਾਂ 'ਤੇ 7 ਕੰਪਨੀਆਂ ਦੇ ਲਾਈਸੈਂਸ ਮੁਅੱਤਲ ਕਰ ਦਿੱਤੇ ਸਨ, ਫਿਰ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਦਵਾਈਆਂ ਬਣਾਉਣ ਅਤੇ ਉਨ੍ਹਾਂ ਦੀ ਵੰਡ ਦੀਆਂ ਰਿਪੋਰਟਾਂ ਮਿਲੀਆਂ ਸਨ। ਐੱਨ. ਸੀ. ਬੀ. ਦੇ ਜ਼ੋਨਲ ਡਾਇਰੈਕਟਰ ਕੌਸ਼ਤੁਭ ਸ਼ਰਮਾ ਨੇ ਕਿਹਾ ਕਿ ਐੱਨ. ਸੀ. ਬੀ. ਨੇ ਕੇਂਦਰ ਸਰਕਾਰ ਨੂੰ ਕਈ ਵਾਰ ਲਿਖਿਆ ਹੈ ਕਿ 'ਟਰੈਮਾਡੋਲ' ਨੂੰ ਐੱਨ. ਡੀ. ਪੀ. ਐੱਸ. ਤਹਿਤ ਲਿਆਂਦਾ ਜਾਵੇ ਤਾਂ ਜੋ ਇਸ ਦੇ ਉਤਪਾਦਨ ਅਤੇ ਵਿਕਰੀ ਨੂੰ ਚੈੱਕ ਕੀਤਾ ਜਾ ਸਕੇ।