ਓਲੰਪਿਕਸ ’ਚ ਝੰਡੇ ਗੱਡਣ ਵਾਲੀ ਰੀਨਾ ਖੋਖਰ ਦੇ ਪਿਤਾ ਨੇ ਬਿਆਨ ਕੀਤਾ ਦਰਦ, ਦੱਸਿਆ ਕਿਵੇਂ ਧੀ ਪਹੁੰਚੀ ਹਾਕੀ ਦੇ ਮੈਦਾਨ ’ਚ

08/03/2021 6:15:49 PM

ਚੰਡੀਗੜ੍ਹ (ਲਲਨ) : ਟੋਕੀਓ ਓਲੰਪਿਕਸ ਵਿਚ ਕੁਆਟਰ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ ਵਿਚ ਜਗ੍ਹਾ ਬਣਾ ਕੇ ਇਤਿਹਾਸ ਰਚਣ ਵਾਲੀ ਭਾਰਤ ਮਹਿਲਾ ਹਾਕੀ ਟੀਮ ਵਿਚ ਨਵਾਂਗਰਾਓਂ ਦੀ ਹੋਣਹਾਰ ਬੇਟੀ ਰੀਨਾ ਖੋਖਰ ਵੀ ਸ਼ਾਮਿਲ ਹੈ। ਬੇਟੀ ਦੀ ਇਸ ਉਪਲੱਬਧੀ ਨਾਲ ਮਾਤਾ-ਪਿਤਾ ਦਾ ਸੀਨਾ ਚੌੜਾ ਹੋ ਗਿਆ ਹੈ। ਭਾਰਤ-ਆਸਟ੍ਰੇਲੀਆ ਦਾ ਮੈਚ ਟੀ. ਵੀ. ’ਤੇ ਵੇਖਿਆ ਅਤੇ ਭਾਰਤ ਦੀਆਂ ਬੇਟੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜਸ਼ਨ ਮਨਾਇਆ। ਮੈਚ ਜਿੱਤਦਿਆਂ ਹੀ ਉਨ੍ਹਾਂ ਨੂੰ ਵਧਾਈ ਦੇਣ ਲਈ ਫੋਨ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ। ਰੀਨਾ ਖੋਖਰ ਦੇ ਪਿਤਾ ਜਗਪਾਲ ਸਿੰਘ ਨੇ ਦੱਸਿਆ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਭਾਰਤੀ ਮਹਿਲਾ ਟੀਮ ਪਹਿਲੀ ਵਾਰ ਸੈਮੀਫਾਈਨਲ ਵਿਚ ਪਹੁੰਚੀ। ਸਾਡੀ ਬੇਟੀ ਨੇ ਇਸ ਮੁਕਾਮ ਤਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ। ਬੇਟੀ ਨੂੰ ਹਾਕੀ ਖਿਡਾਰਣ ਬਣਾਉਣ ’ਤੇ ਅਸੀਂ ਵੀ ਰਿਸ਼ਤੇਦਾਰਾਂ-ਗੁਆਂਢੀਆਂ ਦੇ ਤਾਅਨੇ ਸੁਣੇ ਪਰ ਅੱਜ ਬੇਟੀ ਦੀ ਕਾਮਯਾਬੀ ਨਾਲ ਸਾਡਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਨਾਲ ਹੀ ਇਹ ਕਾਮਯਾਬੀ ਉਨ੍ਹਾਂ ਲੋਕਾਂ ਲਈ ਵੀ ਸਬਕ ਹੈ, ਜੋ ਪੁੱਤਰ-ਧੀ ਵਿਚ ਫਰਕ ਕਰਦੇ ਹਨ। ਬੇਟੀਆਂ ਕੀ ਨਹੀਂ ਕਰ ਸਕਦੀਆਂ, ਬਸ ਉਨ੍ਹਾਂ ਦਾ ਹੌਂਸਲਾ ਬਣਾਈ ਰੱਖਣਾ ਹੁੰਦਾ ਹੈ।

ਇਹ ਵੀ ਪੜ੍ਹੋ : ਓਲੰਪਿਕ ’ਚ ਹਾਕੀ ਟੀਮ ਨੂੰ ਸੈਮੀਫਾਈਨਲ ’ਚ ਪਹੁੰਚਾਉਣ ਵਾਲੀ ਗੁਰਜੀਤ ਕੌਰ ਦੇ ਘਰ ’ਚ ਖੁਸ਼ੀ ਦਾ ਮਾਹੌਲ

ਰੀਨਾ ਨੇ ਫੋਨ ਕਰ ਕੇ ਕਿਹਾ-ਪਾਪਾ ਅਸੀਂ ਮੈਚ ਜਿੱਤ ਗਏ
ਰੀਨਾ ਦੀ ਮਾਂ ਰਾਜਕੁਮਾਰੀ ਨੇ ਦੱਸਿਆ ਕਿ ਪਤੀ ਫੌਜ ਵਿਚ ਸਨ, ਇਸ ਲਈ ਬੱਚਿਆਂ ਦੀ ਜ਼ਿੰਮੇਵਾਰੀ ਮੇਰੇ ’ਤੇ ਸੀ। ਜਦੋਂ ਮੈਂ ਤਿੰਨੇ ਬੱਚੀਆਂ ਨੂੰ ਖੇਡਣ ਲਈ ਮੈਦਾਨ ਵਿਚ ਲੈ ਕੇ ਜਾਂਦੀ ਤਾਂ ਰਿਸ਼ਤੇਦਾਰ ਅਤੇ ਗੁਆਂਢੀ ਤਾਅਨੇ ਮਾਰਦੇ ਸਨ ਪਰ ਇਸ ਤੋਂ ਬਾਅਦ ਵੀ ਮੈਂ ਪਿੱਛੇ ਨਹੀਂ ਹਟੀ ਅਤੇ ਅੱਜ ਜੋ ਕੁਝ ਹੈ, ਉਹ ਇਕ ਨਵਾਂ ਇਤਿਹਾਸ ਹੈ। ਪਿਤਾ ਜਗਪਾਲ ਨੇ ਦੱਸਿਆ ਕਿ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਨਾਲ ਗੱਲ ਹੋਈ ਸੀ। ਮੈਂ ਬਸ ਇਹੀ ਕਿਹਾ ਸੀ ਕਿ ਤੁਸੀਂ ਸਾਰੇ ਆਪਣੀ ਖੇਡ ’ਤੇ ਧਿਆਨ ਕੇਂਦ੍ਰਿਤ ਕਰੋ। ਸਾਹਮਣੇ ਕਿਹੜੀ ਟੀਮ ਹੈ, ਇਹ ਨਾ ਸੋਚੋ। ਪਰਮਾਤਮਾ ’ਤੇ ਵਿਸ਼ਵਾਸ ਰੱਖਣਾ, ਜਿੱਤ ਤੁਹਾਡੀ ਹੀ ਹੋਵੋਗੀ। ਜਦੋਂ ਟੀਮ ਮੈਚ ਜਿੱਤੀ ਤਾਂ ਰੀਨਾ ਨੇ ਫੋਨ ਕੀਤਾ ਅਤੇ ਕਿਹਾ ਪਾਪਾ ਅਸੀਂ ਮੈਚ ਜਿੱਤ ਗਏ।

ਇਹ ਵੀ ਪੜ੍ਹੋ : ਸ਼ੌਂਕ ਦਾ ਕੋਈ ਮੁੱਲ ਨਹੀਂ, ਲਗਜ਼ਰੀ ਕਾਰ ਤੋਂ ਵੱਧ ਵਿਕਿਆ 0001 ਨੰਬਰ

ਇੰਜਰੀ ਤੋਂ ਬਾਅਦ ਕੀਤੀ ਟੀਮ ’ਚ ਵਾਪਸੀ
ਪਿਤਾ ਜਗਪਾਲ ਸਿੰਘ ਨੇ ਦੱਸਿਆ ਕਿ ਐਕਸਰਸਾਈਜ਼ ਦੌਰਾਨ ਇਕ ਵਾਰ ਰੀਨਾ ਖੋਖਰ ਨੂੰ ਜਿਮ ਵਿਚ ਇੰਜਰੀ ਹੋ ਗਈ ਸੀ ਪਰ ਉਸ ਨੇ ਹਾਰ ਨਹੀਂ ਮੰਨੀ ਅਤੇ 2 ਮਹੀਨਿਆਂ ਬਾਅਦ ਹੀ ਇੰਡੀਆ ਟੀਮ ਵਿਚ ਵਾਪਸੀ ਕੀਤੀ। ਰੀਨਾ ਖੋਖਰ 2017 ਤੋਂ ਇੰਡੀਆ ਟੀਮ ਦੀ ਮੈਂਬਰ ਹੈ। ਇਸ ਦੌਰਾਨ ਰੀਨਾ ਨੇ ਕਈ ਇੰਟਰਨੈਸ਼ਨਲ ਮੈਚ ਖੇਡੇ ਹਨ। ਇਨ੍ਹਾਂ ਵਿਚ ਕਾਮਨਵੈਲਥ ਗੇਮਜ਼, ਏਸ਼ੀਅਨ ਗੇਮਜ਼ ਅਤੇ ਵਰਲਡ ਕੱਪ ਸ਼ਾਮਿਲ ਹਨ। ਏਸ਼ੀਅਨ ਗੇਮਜ਼ 2018-19 ’ਚ ਟੀਮ ਨੇ ਸਿਲਵਰ ਮੈਡਲ ਜਿੱਤਿਆ।

ਜੂਨੀਅਰ ਪੱਧਰ ’ਤੇ ਕਈ ਪਦਕ ਜਿੱਤੇ
ਜਗਪਾਲ ਸਿੰਘ ਨੇ ਦੱਸਿਆ ਕਿ ਰੀਨਾ ਪਹਿਲਾਂ ਜੀ. ਐੱਮ. ਐੱਸ. ਐੱਸ. ਐੱਸ.-19 ਵਿਚ ਪੜ੍ਹਦੀ ਸੀ ਪਰ ਹਾਕੀ ਖੇਡਣ ਲਈ ਹਾਕੀ ਸਟੇਡੀਅਮ ਸੈਕਟਰ-18 ਵਿਚ ਆਉਂਦੀ ਸੀ। ਰੀਨਾ ਦੀ ਚੋਣ ਚੰਡੀਗੜ੍ਹ ਵੂਮੈਨਜ਼ ਹਾਕੀ ਟੀਮ ਵਿਚ ਹੋਈ। ਉੱਥੇ ਉਸ ਨੇ ਜੂਨੀਅਰ ਪੱਧਰ ’ਤੇ ਕਈ ਪਦਕ ਜਿੱਤੇ। ਫਿਰ ਇੰਡੀਆ ਹਾਕੀ ਅਕਾਦਮੀ ਗਵਾਲੀਅਰ ਵਿਚ ਚੋਣ ਹੋਈ। ਇਸ ਤੋਂ ਬਾਅਦ ਰੀਨਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇਕ ਤੋਂ ਬਾਅਦ ਇਕ ਕਾਮਯਾਬੀ ਮਿਲਦੀ ਗਈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਸਨਅਤੀ ਗਤੀਵਿਧੀਆਂ ਲਈ ਹੋਰ ਇਲਾਕੇ ਖੋਲ੍ਹਣ ਦੀ ਇਜਾਜ਼ਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

Anuradha

This news is Content Editor Anuradha