ਪਾਦਰੀ ਦਾ ਕਤਲ ਸਰਕਾਰ ਦੀ ਨਾਲਾਇਕੀ : ਸੁਖਬੀਰ

07/22/2017 1:10:39 AM

ਲੁਧਿਆਣਾ  (ਪਾਲੀ, ਮੁੱਲਾਂਪੁਰੀ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਪਾਸਟਰ ਸੁਲਤਾਨ ਮਸੀਹ ਦੀ ਹੋਈ ਹੱਤਿਆ 'ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਵਿਚ 4 ਮਹੀਨੇ ਪਹਿਲਾਂ ਬਣੀ ਕਾਂਗਰਸ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਵੀ ਪੰਜਾਬ ਦਾ ਦੌਰਾ ਨਹੀਂ ਕੀਤਾ। ਅੱਜ ਪੰਜਾਬ ਵਿਚ ਹੋ ਰਹੀਆਂ ਧਾਰਮਿਕ ਸ਼ਖਸੀਅਤਾਂ ਦੀਆਂ ਹੱਤਿਆਵਾਂ ਜੋ ਕਿ ਬੜੀ ਦੁਖਦਾਈ ਹਨ। ਉਨ੍ਹਾਂ ਕਿਹਾ ਕਿ ਪਾਸਟਰ ਦਾ ਕਤਲ ਸਰਕਾਰ ਦੀ ਨਾਲਾਇਕੀ ਹੈ।
 ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਜੋ ਵੀ ਘਟਨਾਵਾਂ ਹੋਈਆਂ, ਉਹ ਵੀ ਦੁਖਦਾਈ ਸਨ ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰ ਮੌਕੇ 'ਤੇ ਸ਼ਾਮਲ ਹੋ ਕੇ ਪਰਿਵਾਰ ਨੂੰ ਸਹੂਲਤਾਂ ਤੋਂ ਵਾਂਝੇ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਮਾਹੌਲ ਖਰਾਬ ਕਰਨ ਲਈ ਪੰਜਾਬ ਦੇ ਧਾਰਮਿਕ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਤਾਂ ਜੋ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕੀਤਾ ਜਾ ਸਕੇ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਪੰਜਾਬ ਵਿਚ ਅਮਨ-ਸ਼ਾਂਤੀ ਕਾਇਮ ਸੀ। ਪੁਲਸ ਪ੍ਰਸ਼ਾਸਨ 'ਤੇ ਪੂਰਾ ਦਬਾਅ ਬਣਾਇਆ ਜਾਂਦਾ ਸੀ ਪਰ ਕਾਂਗਰਸ ਸਰਕਾਰ ਸਮੇਂ ਆਮ ਜਨਤਾ 'ਤੇ ਵੀ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਤੇ ਅਕਾਲੀ ਵਰਕਰਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ।