ਕਿਸਾਨਾਂ ਦੀ ਮਿਹਨਤ ’ਤੇ ਫਿਰਿਆ ਪਾਣੀ, ਬੇਮੌਸਮੇ ਮੀਂਹ ਕਾਰਨ ਮੰਡੀਆਂ ’ਚ ਖਰਾਬ ਹੋਈ ਝੋਨੇ ਦੀ ਫਸਲ

10/24/2021 6:16:40 PM

ਰੂਪਨਗਰ (ਸੱਜਣ ਸੈਣੀ)-ਪੰਜਾਬ ’ਚ ਬੀਤੀ ਰਾਤ ਹੋਏ ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਛੇ ਮਹੀਨਿਆਂ ਦੀ ਮਿਹਨਤ ਨੂੰ ਪਾਣੀ ’ਚ ਮਿਲਾ ਕੇ ਰੱਖ ਦਿੱਤਾ। ਇਸ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਵੱਲੋਂ ਬਹੁਤ ਮਿਹਨਤ ਨਾਲ ਪਾਲ਼ੀ ਝੋਨੇ ਦੀ ਫਸਲ ਜ਼ਿਲ੍ਹਾ ਰੋਪੜ ’ਚ ਵੀ ਖ਼ਰਾਬ ਹੋ ਗਈ ਹੈ। ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਕਿਸਾਨਾਂ ਵੱਲੋਂ ਲਿਆਂਦਾ ਝੋਨਾ ਅਤੇ ਖ਼ਰੀਦ ਏਜੰਸੀਆਂ ਵੱਲੋਂ ਖਰੀਦਿਆ ਗਿਆ ਝੋਨਾ ਸਵੇਰ ਤੋਂ ਹੀ ਪਾਣੀ ’ਚ ਤਰ ਹੋ ਰਿਹਾ ਹੈ ।

ਇਸ ਨਾਲ ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇਸ ਦੌਰਾਨ ਜਦੋਂ ਰੋਪੜ ਦੀ ਮੁੱਖ ਮੰਡੀ ’ਚ ਜਾ ਕੇ ਦੇਖਿਆ ਗਿਆ ਤਾਂ ਮੀਂਹ ਕਾਰਨ ਖੁੱਲ੍ਹੇ ਆਸਮਾਨ ਥੱਲੇ ਕਿਸਾਨਾਂ ਦੀ ਸੋਨੇ ਵਰਗੀ ਝੋਨੇ ਦੀ ਫਸਲ ਪਾਣੀ ’ਚ ਭਿੱਜ ਗਈ। ਇਸ ਤੋਂ ਇਲਾਵਾ ਖਰੀਦ ਏਜੰਸੀਆਂ ਵੱਲੋਂ ਕਰੋੜਾਂ ਰੁਪਏ ਦਾ ਖਰੀਦਿਆ ਝੋਨਾ ਵੀ ਪਾਣੀ ’ਚ ਤਰ ਹੁੰਦਾ ਦਿਖਾਈ ਦਿੱਤਾ ।

ਬਾਰਿਸ਼ ਕਾਰਨ ਮੰਡੀਆਂ ਤੋਂ ਇਲਾਵਾ ਖੇਤਾਂ ’ਚ ਵੀ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਜੋ ਫਸਲ ਬਿਲਕੁਲ ਸੁੱਕੀ ਸੀ, ਮੀਂਹ ਦੇ ਪਾਣੀ ਕਾਰਨ ਭਿੱਜ ਚੁੱਕੀ ਹੈ ਅਤੇ ਤੇਜ਼ ਹਵਾਵਾਂ ਕਾਰਨ ਕਈ ਇਲਾਕਿਆਂ ਪਾਣੀ ’ਚ ਡਿੱਗ ਚੁੱਕੀ ਹੈ। ਇਸ ਦੌਰਾਨ ਮੰਡੀਆਂ ’ਚ ਖ਼ਰਾਬ ਹੋ ਰਹੀ ਫਸਲ ਨੂੰ ਲੈ ਕੇ ਕਿਸਾਨਾਂ, ਆੜ੍ਹਤੀਆਂ ਅਤੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ।

ਇਸ ਦੌਰਾਨ  ਮੇਵਾ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਰੂਪਨਗਰ ‌‌ਨੇ ਕਿਹਾ ਕਿ ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕੁਦਰਤ ਦੀ ਮਾਰ ਹੈ। ਉਹ ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਿਸਾਨਾਂ ਦੀ ਖਰਾਬ ਫਸਲ ਬਾਰੇ ਗੱਲਬਾਤ ਕਰਨਗੇ।

ਇਸ ਦੌਰਾਨ ਬਲਦੇਵ ਸਿੰਘ ਗਿੱਲ ਆੜ੍ਹਤੀ ਯੂਨੀਅਨ ਪ੍ਰਧਾਨ  ਨੇ ਕਿਹਾ ਕਿ ਬਾਰਿਸ਼ ਤੜਕਸਾਰ ਆ ਗਈ, ਜਿਸ ਕਾਰਨ ਫਸਲ ਦਾ ਕਾਫੀ ਨੁਕਸਾਨ ਹੋਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫਸਲ ਦਾ ਮੁਆਇਸ਼ਚਰ ਥੋੜ੍ਹਾ ਵਧਾਇਆ ਜਾਵੇ। ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਯੂਨੀਅਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਬੇਮੌਸਮੇ ਮੀਂਹ ਨੇ ਮੰਡੀਆਂ ’ਚ ਤੇ ਖੇਤਾਂ ’ਚ ਪਈ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਹੈ। ਇਸ ਨਾਲ ਹੁਣ ਖਰੀਦ ਪ੍ਰਭਾਵਿਤ ਹੋਵੇਗੀ।  

Manoj

This news is Content Editor Manoj