ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੀ ਖਾਧੀ ਸਹੁੰ

10/09/2017 5:42:18 PM

ਰੂਪਨਗਰ(ਵਿਜੇ)— ਖੇਤੀ ਵਿਗਿਆਨ ਕੇਂਦਰ, ਰੂਪਨਗਰ ਵੱਲੋਂ ਨਿੱਕਰਾ ਪ੍ਰੋਜੈਕਟ ਅਧੀਨ ਗੋਦ ਲਏ ਹੋਏ ਪਿੰਡ ਫਤਹਿਗੜ੍ਹ ਵੀਰਾਨ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਅਤੇ ਅੱਗ ਨਾ ਲਗਾਉਣ ਦੀ ਸਹੁੰ ਖਾਧੀ। ਕਿਸਾਨਾਂ ਨੇ ਪਰਾਲੀ ਨੂੰ ਸਾਂਭਣ ਲਈ ਬੇਲਰ, ਪ੍ਰੈੱਸ ਵੀਹਲ ਵਾਲੇ ਹੈਪੀ ਸੀਡਰ ਅਤੇ ਪਰਾਲੀ ਨੂੰ ਕੁਤਰਾ ਕਰਨ ਅਤੇ ਖਿਲਾਰਣ ਵਾਲੀ ਮਸ਼ੀਨ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ ਲਈ ਕਿਹਾ। ਡਾ. ਵਿਪਨ ਕੁਮਾਰ ਗਮਠਬਮ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਖੇਤੀ ਵਿਗਿਆਨ ਕੇਂਦਰ, ਰੂਪਨਗਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਆ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਸਾਂਭਣ ਦੇ ਢੰਗ ਤਰੀਕੇ ਜਿਵੇਂ ਕਿ ਬੇਲਰ-ਕਮ-ਨੋਟਰ, ਹੈਪੀ ਸੀਡਰ, ਪਰਾਲੀ ਨੂੰ ਕੁੱਟਣ ਵਾਲੀ ਮਸ਼ੀਨ, ਰੋਟਾਵੇਟਰ ਆਦਿ ਦੀ ਵਰਤੋਂ ਕਰਣ ਲਈ ਅਪੀਲ ਕੀਤੀ। ਡਾ. ਸੰਜੀਵ ਅਹੁਜਾ ਨੇ ਪਰਾਲੀ ਨੂੰ ਸਾੜਣ ਦੇ ਵਾਤਾਵਰਣ ਅਤੇ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ। 
ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਲਗਭਗ 20 ਮਿਲਿਅਨ ਟਨ ਝੋਨੇ ਦੀ ਪਰਾਲੀ ਹਰ ਸਾਲ ਪੈਦਾ ਹੁੰਦੀ ਹੈ, ਜਿਸ 'ਚੋਂ 75-80 ਫੀਸਦੀ ਪਰਾਲੀ ਨੂੰ ਸਾੜ ਦਿੱਤਾ ਜਾਂਦਾ ਹੈ। ਡਾ. ਉਪਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਲਗਭਗ 1 ਲੱਖ ਟਨ ਨਾਈਟਰੋਜਨ, 0.5 ਲੱਖ ਟਨ ਫਾਸਫੋਰਸ ਅਤੇ 2.5 ਲੱਖ ਟਨ ਪੌਟਾਸ਼ ਵਾਤਾਵਰਣ 'ਚ ਗੈਸ ਦੇ ਰੂਪ ਵਿਚ ਨਸ਼ਟ ਹੋ ਜਾਂਦੇ ਹਨ। ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਅਤੇ ਤੱਤਾਂ ਦੀ ਸੰਭਾਲ ਲਈ ਝੋਨੇ ਦੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਆ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਪਿੰਡਾਂ ਤੋਂ ਲੱਗਭੱਗ 45 ਕਿਸਾਨਾਂ ਨੇ ਭਾਗ ਲਿਆ।