ਜੇਲ ''ਚੋਂ 31 ਪੈਕੇਟ ਸਿਗਰਟ, 4 ਮੋਬਾਇਲ ਤੇ 2 ਬੋਤਲਾਂ ਸ਼ਰਾਬ ਬਰਾਮਦ
Monday, Apr 30, 2018 - 01:51 AM (IST)

ਅੰਮ੍ਰਿਤਸਰ, (ਅਰੁਣ)- ਕੇਂਦਰੀ ਜੇਲ ਫਤਾਹਪੁਰ 'ਚੋਂ ਆਏ ਦਿਨ ਮਿਲ ਰਹੀ ਇਤਰਾਜ਼ਯੋਗ ਸਮੱਗਰੀ ਜੋ ਜੇਲ ਪ੍ਰਸ਼ਾਸਨ ਦੇ ਢੁੱਕਵੇਂ ਪ੍ਰਬੰਧਾਂ ਦੀ ਭਲੀਭਾਂਤ ਪੋਲ ਖੋਲ੍ਹ ਰਹੀ ਹੈ, ਜੇਲ ਪ੍ਰਸ਼ਾਸਨ ਦੀ ਅਣਦੇਖੀ ਕਹਿ ਲਓ ਜਾਂ ਫਿਰ ਹੱਥਰਲੀ, ਹਰ ਨਵੇਂ ਦਿਨ ਜੇਲ 'ਚੋਂ ਮਿਲ ਰਹੀ ਇਤਰਾਜ਼ਯੋਗ ਸਮੱਗਰੀ ਅਖਬਾਰਾਂ, ਚੈਨਲਾਂ ਦੀਆਂ ਸੁਰਖੀਆਂ ਬਣ ਰਹੀ ਹੈ। ਬੀਤੇ ਕੱਲ ਵੀ ਜਾਂਚ ਦੌਰਾਨ ਸਹਾਇਕ ਜੇਲ ਸੁਪਰਡੈਂਟ ਅਵਤਾਰ ਸਿੰਘ ਵੱਲੋਂ ਕੀਤੀ ਚੈਕਿੰਗ ਦੌਰਾਨ ਲਿਮਕਾ ਦੀਆਂ 2 ਬੋਤਲਾਂ ਵਿਚ ਪਈ 300-300 ਮਿ. ਲੀ. ਨਾਜਾਇਜ਼ ਸ਼ਰਾਬ ਪੁਲਸ ਨੇ ਬਰਾਮਦ ਕੀਤੀ। ਉਧਰ ਸਹਾਇਕ ਜੇਲ ਸੁਪਰਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਤਲਾਸ਼ੀ ਦੌਰਾਨ ਜੇਲ 'ਚੋਂ 4 ਮੋਬਾਇਲ, 31 ਪੈਕੇਟ ਸਿਗਰਟ ਤੇ ਇਕ ਪੈਕੇਟ ਤੰਬਾਕੂ ਬਰਾਮਦ ਕੀਤੇ ਜਾਣ ਸਬੰਧੀ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਮਝੌਤਾ ਕਰਵਾਉਣ ਗਏ ਨੌਜਵਾਨ 'ਤੇ ਕਿਰਚ ਨਾਲ ਜਾਨਲੇਵਾ ਹਮਲਾ - ਆਪਸ 'ਚ ਝਗੜਾ ਕਰਨ ਵਾਲੇ ਦੋਸਤਾਂ 'ਚ ਸਮਝੌਤਾ ਕਰਵਾਉਣ ਵਾਲੇ ਨੌਜਵਾਨ 'ਤੇ ਕਿਰਚ ਨਾਲ ਜਾਨਲੇਵਾ ਹਮਲਾ ਕਰਨ ਵਾਲੇ 3 ਮੁਲਜ਼ਮਾਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਬਿਆਸ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਇਲਾਜ ਅਧੀਨ ਸਠਿਆਲਾ ਵਾਸੀ ਸਨਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਦੋਸਤ ਨਵਜੋਤ ਸਿੰਘ ਜੋ ਸੰਤਸਰ ਸਕੂਲ ਬੁਤਾਲਾ ਵਿਖੇ ਪੜ੍ਹਦਾ ਹੈ, ਦੀ ਉਸ ਦੇ ਸਹਿਪਾਠੀ ਯੁਵਰਾਜ ਸਿੰਘ ਨਾਲ ਤਕਰਾਰ ਹੋ ਗਈ ਸੀ, ਜਿਨ੍ਹਾਂ 'ਚ ਸਮਝੌਤਾ ਕਰਵਾਉਣ ਲਈ ਦੋਵਾਂ ਨੂੰ ਪਿੰਡ ਬੁਤਾਲਾ ਦੇ ਗੁਰਦੁਆਰਾ ਸਾਹਿਬ ਵਿਚ ਬੁਲਾਇਆ ਗਿਆ ਸੀ, ਜਿਥੇ ਮੁੜ ਦੋਵਾਂ ਦੀ ਖਹਿਬਾਜ਼ੀ ਹੋ ਗਈ ਅਤੇ ਆਪਸ ਵਿਚ ਹੱਥੋਪਾਈ ਕਰਨ ਲੱਗ ਪਏ, ਉਸ ਨੇ ਜਦੋਂ ਦੋਵਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਹੈਪੀ ਨੇ ਕਿਰਚ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਕਾਰਵਾਈ ਕਰਦਿਆਂ ਯੁਵਰਾਜ ਸਿੰਘ ਵਾਸੀ ਭੈਣੀ ਰਾਮ ਦਿਆਲ, ਹੈਪੀ ਪੁੱਤਰ ਕੁਲਵੰਤ ਸਿੰਘ ਵਾਸੀ ਬੁਤਾਲਾ ਤੇ ਬੌਬੀ ਵਾਸੀ ਬੁਤਾਲਾ ਖਿਲਾਫ ਇਰਾਦਾ ਕਤਲ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ।