ਪੀ. ਯੂ. ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਮੁੱਦਾ ਸਰਬਸੰਮਤੀ ਨਾਲ ਰਿਜੈਕਟ

09/24/2017 9:44:41 AM


ਚੰਡੀਗੜ (ਰਸ਼ਮੀ) - ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਮੁੱਦੇ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਹੈ। ਇਸ ਮੁੱਦੇ 'ਤੇ ਹੁਣ ਚਰਚਾ ਨਹੀਂ ਹੋਵੇਗੀ। ਸਿੰਡੀਕੇਟ ਵਿਚ ਸਰਬਸੰਮਤੀ ਨਾਲ ਇਸ ਮੁੱਦੇ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ। ਧਿਆਨ ਰਹੇ ਕਿ ਪੀ. ਯੂ. ਵਿਚ ਆਰਥਿਕ ਤੰਗੀ ਕਾਰਨ ਪੀ. ਯੂ. ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਮੁੱਦੇ 'ਤੇ ਕਈ ਵਾਰ ਬਹਿਸ ਹੋ ਚੁੱਕੀ ਹੈ। ਪੀ. ਯੂ. ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਰੈਜੋਲਿਊਸ਼ਨ ਪ੍ਰੋ. ਗੁਰਮੀਤ ਸਿੰਘ ਨੇ ਦਿੱਤਾ ਸੀ। ਪੀ. ਯੂ. ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਪੱਖ ਵਿਚ ਕੁੱਝ ਸਿੰਡੀਕੇਟ ਮੈਂਬਰ ਸਨ ਤੇ ਕੁਝ ਨਹੀਂ। ਹਾਲਾਂਕਿ ਪ੍ਰੋ. ਗੁਰਮੀਤ ਸਿੰਘ ਚਾਹੁਣ ਤਾਂ ਦੁਬਾਰਾ ਪੀ. ਯੂ. ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਮੁੱਦਾ ਰੈਜੋਲਿਊਸ਼ਨ ਵਿਚ ਲਿਆ ਸਕਦੇ ਹਨ। 
ਉਥੇ ਹੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਦੇ ਐੈੱਲ. ਐੈੱਲ. ਬੀ. ਸਟੂਡੈਂਟ ਡੀ. ਜੀ. ਪੀ. ਤੇਜਿੰਦਰ ਸਿੰਘ ਲੂਥਰਾ ਪੰਜਵੇਂ ਸਮੈਸਟਰ ਵਿਚ ਪੀ. ਯੂ. ਵਿਚ ਦਾਖਲਾ ਲੈ ਸਕਣਗੇ। ਇਨ੍ਹਾਂ ਲਈ ਸਿੰਡੀਕੇਟ ਵਿਚ ਉਨ੍ਹਾਂ ਨੂੰ ਇਥੇ ਦਾਖਲਾ ਦੇਣ 'ਤੇ ਸਹਿਮਤੀ ਮਿਲ ਗਈ। 

ਕਾਲਜ ਪ੍ਰੋਫੈਸਰ ਨੂੰ ਐਕਸ ਆਫੀਸ਼ੀਓ ਬਣਾਉਣ ਦਾ ਮੁੱਦਾ ਡੈਫਰ
ਪੀ. ਯੂ. ਨਾਲ ਸਬੰਧਤ ਪ੍ਰੋਫੈਸ਼ਨਲ ਕਾਲਜਾਂ ਵਿਚ ਪ੍ਰੋਫੈਸਰ ਨੂੰ ਪੀ. ਯੂ. ਦੀ ਫੈਕਲਟੀ ਵਿਚ ਐਕਸ ਆਫ਼ੀਸ਼ੀਓ ਮੈਂਬਰ ਬਣਾਉਣ ਦੇ ਮਾਮਲੇ ਨੂੰ ਡੈਫਰ ਕਰ ਦਿੱਤਾ ਗਿਆ ਹੈ। ਇਸ ਮੁੱਦੇ 'ਤੇ ਕਮੇਟੀ ਬਣਾ ਦਿੱਤੀ ਗਈ ਹੈ। 

ਏ ਡਵੀਜ਼ਨ 'ਚ ਖੇਡ ਸਕਣਗੇ ਈਵਨਿੰਗ ਵਿਭਾਗ ਦੇ ਵਿਦਿਆਰਥੀ
ਪੀ. ਯੂ. ਦੇ ਈਵਨਿੰਗ ਵਿਭਾਗ ਤੇ ਈਵਨਿੰਗ ਕਾਲਜ ਦੇ ਵਿਦਿਆਰਥੀ ਵੀ ਹੁਣ ਇੰਟਰ ਕਾਲਜ 'ਚ 'ਏ' ਡਵੀਜ਼ਨ ਟੂਰਨਾਮੈਂਟ ਵੀ ਖੇਡ ਸਕਣਗੇ। ਧਿਆਨਯੋਗ ਹੈ ਕਿ ਹੁਣ ਤਕ ਇਹ ਵਿਦਿਆਰਥੀ ਸੀ ਡਵੀਜ਼ਨ ਦੇ ਮੁਕਾਬਲੇ ਹੀ ਖੇਡ ਸਕਦੇ ਸਨ। ਨਾਲ ਹੀ ਸਪੋਰਟਸ ਸਟੂਡੈਂਟਸ ਨੂੰ ਮਾਕਾ ਟ੍ਰਾਫੀ ਤਹਿਤ ਸੈਸ਼ਨ 2017-18 ਵਿਚ ਕੈਸ਼ ਅਵਾਰਡ ਦਿੱਤੇ ਜਾਣਗੇ। 
ਡਾ. ਕੋਮਲ 'ਤੇ ਲੱਗਾ ਹੋਇਆ ਸੈਕਸੂਅਲ ਹਰਾਸਮੈਂਟ ਦਾ ਮਾਮਲਾ ਸੀਨੇਟ 'ਚ ਆਏਗਾ
ਸੈਕਸੂਅਲ ਹਰਾਸਮੈਂਟ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੋਮਲ ਸਿੰਘ ਦਾ ਮਾਮਲਾ ਅੱਜ ਸੀਨੇਟ ਵਿਚ ਆਏਗਾ। ਡਾ. ਕੋਮਲ ਸਿੰਘ 'ਤੇ ਲੱਗੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ। 

ਮੰਤਰੀ ਚੰਨੀ ਨੂੰ ਮਿਲ ਸਕਦੈ ਦਾਖਲਾ
ਹੁਣ ਐੈੱਮ. ਫਿਲ ਤੇ ਪੀ. ਐੈੱਚ. ਡੀ. ਦੇ ਐਂਟ੍ਰੈਂਸ ਟੈਸਟ ਲਈ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਲਈ 50 ਫੀਸਦੀ ਤੇ ਰਿਜ਼ਰਵ ਕੈਟਾਗਰੀ ਲਈ 40 ਫੀਸਦੀ ਨੰਬਰ ਲੈਣਾ ਹੀ ਜ਼ਰੂਰੀ ਹੋਵੇਗਾ ਜਦਕਿ ਪਹਿਲਾਂ ਇਹ ਫੀਸਦੀ ਕ੍ਰਮਵਾਰ 55 ਤੇ 50 ਫੀਸਦੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕਿਉਂਕਿ ਹੁਣ ਦਾਖਲਾ ਪ੍ਰੀਖਿਆ ਲਈ ਨੰਬਰਾਂ ਦੀ ਪਾਸ ਦਰ ਘਟਾ ਦਿੱਤੀ ਗਈ ਹੈ, ਇਸ ਲਈ ਵਿਧਾਇਕ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਦਾਖਲਾ ਪ੍ਰੀਖਿਆ ਦੇਣ ਦੇ ਯੋਗ ਹਨ। ਧਿਆਨ ਰਹੇ ਕਿ ਚਰਨਜੀਤ ਸਿੰਘ ਚੰਨੀ ਦੇ ਇਤਿਹਾਸ ਵਿਚ ਪੀ. ਐੈੱਚ. ਡੀ. ਕਰਨ ਲਈ ਦਾਖਲਾ ਪ੍ਰੀਖਿਆ ਦਿੱਤੀ ਸੀ, ਜਿਸ ਨੂੰ ਉਹ ਕਲੀਅਰ ਨਹੀਂ ਕਰ ਸਕੇ ਸਨ। ਜਾਣਕਾਰੀ ਮੁਤਾਬਿਕ ਚੰਨੀ ਨੇ ਪੀ. ਐੈੱਚ. ਡੀ. ਲਈ ਲਏ ਗਏ ਦੂਸਰੇ ਪੇਪਰ ਵਿਚ 10 ਫੀਸਦੀ ਛੋਟ ਦੀ ਗੱਲ ਵੀ ਕੀਤੀ ਸੀ।