ਪੀ. ਜੀ. ਰਹਿਣ ਵਾਲੀ ਲੜਕੀ ਨਾਲ ਗੈਂਗਰੇਪ

11/18/2017 8:04:25 AM

ਚੰਡੀਗੜ੍ਹ, (ਸੰਦੀਪ)- ਮੋਹਾਲੀ ਵਿਚ ਬਤੌਰ ਪੀ. ਜੀ. ਰਹਿਣ ਵਾਲੀ 22 ਸਾਲਾ ਲੜਕੀ ਨਾਲ ਆਟੋ ਚਾਲਕ ਸਮੇਤ ਹੋਰ ਤਿੰਨ ਮੁਲਜ਼ਮਾਂ ਨੇ ਗੈਂਗਰੇਪ ਕਰ ਦਿੱਤਾ। ਸੈਕਟਰ-36 ਥਾਣਾ ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲਸ ਪੀੜਤਾ ਤੋਂ ਪੁੱਛਗਿੱਛ ਕਰਕੇ ਸਕੈੱਚ ਤਿਆਰ ਕਰ ਰਹੀ ਹੈ। 
ਜਾਣਕਾਰੀ ਅਨੁਸਾਰ ਪੀੜਤਾ ਸੈਕਟਰ-37 ਵਿਚ ਸਟੈਨੋ ਦਾ ਕੋਰਸ ਕਰ ਰਹੀ ਹੈ। ਸ਼ਾਮ ਨੂੰ ਕਲਾਸ ਖਤਮ ਕਰਕੇ ਉਸ ਨੇ ਸੈਕਟਰ-37 ਤੋਂ ਮੋਹਾਲੀ ਲਈ ਆਟੋ ਲਿਆ। ਆਟੋ ਵਿਚ ਪਹਿਲਾਂ ਹੀ ਦੋ ਲੜਕੇ ਬੈਠੇ ਸਨ, ਜਿਵੇਂ ਹੀ ਆਟੋ ਚਾਲਕ ਆਟੋ ਲੈ ਕੇ ਸੈਕਟਰ-53 ਪਹੁੰਚਿਆ ਤਾਂ ਉਸ ਨੇ ਆਟੋ ਵਿਚ ਸਵਾਰ ਦੋ ਲੜਕਿਆਂ ਦੀ ਮਦਦ ਨਾਲ ਲੜਕੀ ਨੂੰ ਜ਼ਬਰਦਸਤੀ ਚੁੱਕਿਆ ਤੇ ਸੜਕ ਦੇ ਨਾਲ ਲਗਦੇ ਜੰਗਲ ਵਿਚ ਲੈ ਗਿਆ। ਜੰਗਲ ਵਿਚ ਲਿਜਾ ਕੇ ਤਿੰਨਾਂ ਨੇ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਹੀ ਲੜਕੀ ਨੂੰ ਬੇਸੁੱਧ ਹਾਲਤ ਵਿਚ ਜੰਗਲ ਵਿਚ ਹੀ ਛੱਡ ਕੇ ਫਰਾਰ ਹੋ ਗਏ।
ਹੋਸ਼ ਵਿਚ ਆਉਣ ਤੋਂ ਬਾਅਦ ਲੜਕੀ ਜੰਗਲ ਵਿਚੋਂ ਨਿਕਲ ਕੇ ਮੁੱਖ ਸੜਕ 'ਤੇ ਪਹੁੰਚੀ, ਉਸ ਨੂੰ ਅਜਿਹੀ ਹਾਲਤ ਵਿਚ ਦੇਖ ਕੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਪੀੜਤਾ ਦਾ ਸੈਕਟਰ-16 ਦੇ ਹਸਪਤਾਲ ਵਿਚ ਮੈਡੀਕਲ ਕਰਵਾਇਆ ਤੇ ਬਾਅਦ ਵਿਚ ਲੜਕੀ ਵਲੋਂ ਮੁਲਜ਼ਮਾਂ ਦੇ ਦੱਸੇ ਗਏ ਹੁਲੀਏ ਦੇ ਆਧਾਰ 'ਤੇ ਉਨ੍ਹਾਂ ਦਾ ਸਕੈੱਚ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। 
ਪੁਲਸ ਸ਼ਹਿਰ ਵਿਚ ਚੱਲ ਰਹੇ ਟੈਂਪਰੇਰੀ ਨੰਬਰ ਵਾਲੇ ਆਟੋ ਚਲਾਉਣ ਵਾਲਿਆਂ ਦੀ ਜਾਂਚ ਵਿਚ ਜੁੱਟ ਗਈ ਸੀ। ਸੂਤਰਾਂ ਦੀ ਮੰਨੀਏ ਤਾਂ ਪੀੜਤਾ ਜਿਸ ਆਟੋ ਵਿਚ ਬੈਠੀ ਸੀ, ਉਸ 'ਤੇ ਟੈਂਪਰੇਰੀ ਨੰਬਰ ਲੱਗਾ ਸੀ। ਪੀੜਤ ਲੜਕੀ ਦੇਹਰਾਦੂਨ ਦੀ ਦੱਸੀ ਜਾ ਰਹੀ ਹੈ।