ਨਕਲੀ ਸਕੌਚ ਭਰਨ ਵਾਲੀ ਫੈਕਟਰੀ ਦਾ ਮਾਲਕ ਗ੍ਰਿਫਤਾਰ

06/17/2020 1:44:34 AM

ਲੁਧਿਆਣਾ/ਮੁੱਲਾਂਪੁਰ ਦਾਖਾ, (ਪੰਕਜ, ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਪਿੰਡ ਖੰਡੂਰ ’ਚ ਮਿਲੀ ਨਕਲੀ ਸਕੌਚ ਭਰਨ ਵਾਲੀ ਫੈਕਟਰੀ ਦੇ ਕੇਸ ਵਿਚ ਪੁਲਸ ਨੇ ਲੁਧਿਆਣਾ ਦੇ ਵੱਡੇ ਸ਼ਰਾਬ ਕਾਰੋਬਾਰੀ ਬਿੱਟੂ ਛਾਬੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਜ਼ਰਮ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਉਸ ਦੇ ਘਰ, ਹਾਰਡੀ ਵਰਲਡ ਸਮੇਤ ਹੋਰਨਾਂ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੀ ਹੈ। ਯਾਦ ਰਹੇ ਕਿ ਇਸ ਕੇਸ ਵਿਚ ਪਹਿਲਾਂ ਵੀ ਚਾਰ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।

ਕੇਸ ਹਾਈ ਪ੍ਰੋਫਾਇਲ ਹੋਣ ਕਾਰਨ ਸਰਕਾਰ ਨੇ ਕੇਸ ਦੀ ਜਾਂਚ ਸਥਾਨਕ ਪੁਲਸ ਤੋਂ ਲੈ ਕੇ ਆਈ. ਜੀ. ਨਾਗੇਸ਼ਵਰ ਰਾਏ ਦੀ ਅਗਵਾਈ ਵਾਲੀ ‘ਸਿਟ’ ਦੇ ਹਵਾਲੇ ਕਰ ਦਿੱਤੀ ਹੈ। ਨਕਲੀ ਸਕੌਚ ਬਣਾਉਣ ਦੀ ਫੈਕਟਰੀ ਵਿਚ ਸ਼ੁਰੂ ਤੋਂ ਹੀ ਕਿਸੇ ਵੱਡੇ ਖਿਡਾਰੀ ਦੀ ਸ਼ਮੂਲੀਅਤ ਦਾ ਸ਼ੱਕ ਹੋਣ ਕਾਰਨ ‘ਸਿਟ’ ਨੇ ਬੜੇ ਹੀ ਖੁਫੀਆ ਤਰੀਕੇ ਨਾਲ ਪੂਰੇ ਕੇਸ ਦੀ ਜਾਂਚ ਜਾਰੀ ਰੱਖੀ। ਕੁੱਝ ਦਿਨ ਪਹਿਲਾਂ ਹੀ ‘ਸਿਟ’ ਵੱਲੋਂ ਇਸ ਕੇਸ ਦੀ ਫਾਈਲ ਦਾਖਾ ਦੇ ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਨੂੰ ਭੇਜੀ ਗਈ ਸੀ। ਮੰਗਲਵਾਰ ਨੂੰ ਅਚਾਨਕ ਪੁਲਸ ਪਾਰਟੀ ਨੇ ਛਾਪੇਮਾਰੀ ਕਰਦੇ ਹੋਏ ਬਿੱਟੂ ਛਾਬੜਾ ਨੂੰ ਗ੍ਰਿਫਤਾਰ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਜਿਸ ਨਾਜਾਇਜ਼ ਫੈਕਟਰੀ ਵਿਚ ਖਾਲੀ ਸਕੌਚ ਦੀਆਂ ਬੋਤਲਾਂ ਵਿਚ ਘਟੀਆ ਕਿਸਮ ਦੀ ਸ਼ਰਾਬ ਭਰ ਕੇ ਲੱਖਾਂ ਰੁਪਏ ਕਮਾਉਣ ਲਈ ਪੀਣ ਵਾਲਿਆਂ ਨੂੰ ਜ਼ਹਿਰ ਵੰਡਿਆ ਜਾ ਰਿਹਾ ਸੀ, ਉਸ ਦਾ ਮਾਲਕ ਹੋਰ ਕੋਈ ਨਹੀਂ, ਸਗੋਂ ਬਿੱਟੂ ਛਾਬੜਾ ਹੀ ਹੈ। ਮੁਜ਼ਰਮ ਦੀ ਗ੍ਰਿਫਤਾਰੀ ਦੀ ਪੁਸ਼ਟੀ ਐੱਸ. ਐੱਸ. ਪੀ. ਜਗਰਾਓਂ ਵਿਵੇਕਸ਼ੀਲ ਸੋਨੀ ਨੇ ਕੀਤੀ ਹੈ।

ਉਧਰ ਭਾਜਪਾ ਦੇ ਸੂਬਾ ਕੈਸ਼ੀਅਰ ਗੁਰਦੇਵ ਸ਼ਰਮਾ ਦੇਬੀ ਨੇ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਨਕਲੀ ਅਤੇ ਘਟੀਆ ਸ਼ਰਾਬ ਪਿਲਾ ਕੇ ਉਨ੍ਹਾਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਅਤੇ ਸਰਕਾਰ ਦੇ ਰੈਵੇਨਿਊ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾਉਣ ਵਾਲੇ ਅਜਿਹੇ ਮੁਜ਼ਰਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਈ. ਡੀ. ਕੇਸ ਪ੍ਰਾਪਰਟੀ ਬਣਾ ਕੇ ਨਾਲ ਅਟੈਚ ਕਰੇ ਤਾਂ ਕਿ ਭਵਿੱਖ ਵਿਚ ਕੋਈ ਵੀ ਅਜਿਹਾ ਕਰ ਸਕਣ ਦੀ ਹਿੰਮਤ ਨਾ ਜੁਟਾ ਸਕੇ।

Bharat Thapa

This news is Content Editor Bharat Thapa