ਓਵਰਲੋਡ ਟਰੱਕ ਨੇ ਬੱਸ ਨੂੰ ਮਾਰੀ ਟੱਕਰ, ਅੱਧਾ ਦਰਜਨ ਸਵਾਰੀਆਂ ਜ਼ਖਮੀ

06/28/2017 11:03:29 AM

ਪਠਾਨਕੋਟ/ਭੋਆ/ਦੀਨਾਨਗਰ - ਦੀਨਾਨਗਰ ਤੋਂ ਤਾਰਾਗੜ੍ਹ ਹੁੰਦੇ ਹੋਏ ਨਰੋਟ ਜੈਮਲ ਸਿੰਘ ਵੱਲ ਜਾ ਰਹੀ ਬੱਸ (ਨੰ. ਪੀ ਬੀ 03ਈ/9586) ਪਿੰਡ ਪੱਖੋਚੱਕ ਦੇ ਨਜ਼ਦੀਕ ਅਣਪਛਾਤੇ ਓਵਰਲੋਡ ਟਰੱਕ ਦੀ ਸਾਈਡ ਲੱਗਣ ਨਾਲ ਬੇਕਾਬੂ ਹੋ ਕੇ ਖਾਈ 'ਚ ਪਲਟ ਕੇ ਹਾਦਸਾਗ੍ਰਸਤ ਹੋ ਗਈ। ਹਾਦਸੇ ਸਮੇਂ 2 ਦਰਜਨ ਸਵਾਰੀਆਂ ਸਵਾਰ ਸਨ ਜਿਨ੍ਹਾਂ 'ਚੋਂ ਅੱਧਾ ਦਰਜਨ ਨੂੰ ਸੱਟਾਂ ਲੱਗੀਆਂ ਹਨ। 
ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਬੱਸ 'ਚ ਫਸੀਆਂ ਸਵਾਰੀਆਂ ਨੇ ਸ਼ੀਸ਼ੇ ਤੋੜ ਕੇ ਬਾਹਰ ਨਿਕਲ ਕੇ ਜਾਨ ਬਚਾਈ। ਉਥੇ ਹੀ ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਮੁਖੀ ਰਵਿੰਦਰ ਸਿੰਘ ਰੂਬੀ ਪੁਲਸ ਪਾਰਟੀ ਨਾਲ ਪੁੱਜੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਪਹੁੰਚਾਇਆ। ਦੂਜੇ ਪਾਸੇ ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ। ਸਥਾਨਕ ਲੋਕਾਂ ਨੇ ਓਵਰਲੋਡ ਵਾਹਨਾਂ ਦੀ ਆਵਾਜਾਈ ਦਾ ਵਿਰੋਧ ਜਤਾਉਂਦੇ ਹੋਏ ਮੰਗ ਕੀਤੀ ਕਿ ਓਵਰਲੋਡ ਵਾਹਨਾਂ ਦੀ ਆਵਾਜਾਈ ਸਿਰਫ਼ ਰਾਤ ਦੇ ਸਮੇਂ ਹੀ ਯਕੀਨੀ ਕੀਤੀ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।