ਸਟਾਰਮ ਸੀਵਰੇਜ ਲਾਈਨ ਨਾ ਹੋਣ ਕਾਰਨ ਬਰਸਾਤੀ ਮੌਸਮ ''ਚ ਓਵਰਫਲੋਅ ਹੁੰਦਾ ਸੀਵਰੇਜ ਸਿਸਟਮ

08/14/2017 12:32:40 AM

ਮੋਗਾ,  (ਪਵਨ ਗਰੋਵਰ/ਸੰਦੀਪ)-  ਸ਼ਹਿਰ 'ਚ ਗੰਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਲੰਮੇ ਸਮੇਂ ਤੋਂ ਹੀ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬਰਸਾਤੀ ਦਿਨਾਂ ਦੌਰਾਨ ਤਾਂ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਭਾਵੇਂ ਨਗਰ ਨਿਗਮ ਮੋਗਾ ਅਤੇ ਸਮੇਂ ਦੀਆਂ ਸਰਕਾਰਾਂ ਨੇ ਆਏ ਦਿਨ ਓਵਰਫਲੋਅ ਹੁੰਦੇ ਸੀਵਰੇਜ ਸਿਸਟਮ ਦੀ ਸਥਿਤੀ ਨੂੰ ਸੁਧਾਰਨ ਲਈ ਕਈ ਵਾਰ ਵਾਅਦੇ ਕੀਤੇ ਹਨ ਪਰ ਜ਼ਮੀਨੀ ਪੱਧਰ 'ਤੇ ਮਾਮਲਾ ਜਿਉਂ ਦਾ ਤਿਉਂ ਹੀ ਲਟਕ ਰਿਹਾ ਹੈ। ਸ਼ਹਿਰ ਦੀਆਂ ਕਈ ਥਾਵਾਂ ਤਾਂ ਅਜਿਹੀਆਂ ਹਨ, ਜਿੱਥੇ ਬਰਸਾਤ ਪੈਣ ਮਗਰੋਂ ਇਕ-ਇਕ ਹਫਤਾ ਇੱਥੋਂ ਲੰਘਣ 'ਚ ਪ੍ਰੇਸ਼ਾਨੀ ਆਉਂਦੀ ਹੈ। 
'ਜਗ ਬਾਣੀ' ਵੱਲੋਂ ਇਸ ਮਾਮਲੇ 'ਚ ਕੀਤੀ ਗਈ ਪੜਤਾਲ ਦੌਰਾਨ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਜ਼ਰੂਰੀ ਸਟਾਰਮ ਸੀਵਰੇਜ (ਬਰਸਾਤ ਹੋਣ ਤੋਂ ਬਾਅਦ ਇਕੱਠੇ ਪਾਣੀ ਦੀ ਨਿਕਾਸੀ ਵਾਲੀ ਵੱਖਰੀ ਪਾਈਪ ਲਾਈਨ) ਨਾ ਹੋਣ ਕਾਰਨ ਬਰਸਾਤੀ ਦਿਨਾਂ ਦੌਰਾਨ ਲੋਕਾਂ ਦੀ ਪ੍ਰੇਸ਼ਾਨੀ ਵਧਣ ਦਾ ਇਹ ਮੁੱਖ ਕਾਰਨ ਹੈ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਬਾਰਿਸ਼ ਮਗਰੋਂ ਇਕੱਠੇ ਪਾਣੀ ਦੀ ਨਿਕਾਸੀ ਲਈ ਵਿਛਾਈ ਗਈ ਸੀਲੇਜ ਸੀਵਰੇਜ ਲਾਈਨ (ਗੰਦੇ ਪਾਣੀ ਦੀ ਨਿਕਾਸੀ ਵਾਲੀ ਸੀਵਰੇਜ ਲਾਈਨ) 'ਤੇ ਹੀ ਨਿਰਭਰ ਹੈ, ਜਿਸ ਕਰ ਕੇ ਓਵਰਫਲੋਅ ਪਾਣੀ ਕਈ-ਕਈ ਘੰਟੇ ਸ਼ਹਿਰ ਦੀਆਂ ਸੜਕਾਂ 'ਤੇ ਖੜ੍ਹਾ ਰਹਿੰਦਾ ਹੈ। ਸੂਤਰ ਦੱਸਦੇ ਹਨ ਕਿ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਸਮੇਤ ਕੁਝ ਕੁ ਹੋਰ ਸ਼ਹਿਰਾਂ ਨੂੰ ਛੱਡ ਕੇ ਬਾਕੀ ਸ਼ਹਿਰਾਂ 'ਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਟੇਕ ਸਿਰਫ ਸੀਵਰੇਜ ਦੀ ਪਾਈਪ ਲਾਈਨ ਉਪਰ ਹੀ ਹੈ।