ਪੰਜਾਬ ''ਚ ਨਸ਼ੇ ਦਾ ਕਹਿਰ ਜਾਰੀ, ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

07/14/2019 6:55:39 PM

ਤਲਵੰਡੀ ਸਾਬੋ (ਮੁਨੀਸ਼) : ਨਜ਼ਦੀਕੀ ਪਿੰਡ ਜਗਾ ਰਾਮ ਤੀਰਥ ਵਿਖੇ ਇਕ ਹੋਰ ਮਾਂ ਦੇ ਪੁੱਤਰ ਨੂੰ ਚਿੱਟੇ ਦੇ ਨਸ਼ੇ ਨੇ ਆਪਣੀ ਗ੍ਰਿਫਤ 'ਚ ਲੈ ਲਿਆ। ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਗਾ ਰਾਮ ਤੀਰਥ ਪਿੰਡ ਦੇ ਦਲਿਤ ਪਰਿਵਾਰ ਨਾਲ ਸੰਬੰਧਤ  ਮੈਂਗਲ ਸਿੰਘ ਪੁੱਤਰ ਗੁਰਤੇਜ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਪਰਿਵਾਰਕ ਮੈਬਰਾਂ ਤੋਂ ਚੋਰੀ ਚਿੱਟੇ ਦਾ ਨਸ਼ਾ ਕਰਦਾ ਸੀ ਪ੍ਰੰਤੂ ਬੀਤੇ ਕੱਲ ਉਸ ਨੇ ਚਿੱਟੇ ਦੀ ਓਵਰਡੋਜ਼ ਲੈ ਲਈ ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਪਹਿਲਾਂ ਇਸਨੂੰ ਤਲਵੰਡੀ ਸਾਬੋ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਉਸ ਤੋਂ ਬਾਅਦ ਆਦੇਸ਼ ਮੈਡੀਕਲ ਕਾਲਜ ਬਠਿੰਡਾ ਤੋਂ ਜਵਾਬ ਮਿਲਣ ਉਪਰੰਤ ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਉਸਦਾ ਇਲਾਜ਼ ਸ਼ੁਰੂ ਕਰਨ ਦੇ ਤਿੰਨ ਘੰਟੇ ਬਾਅਦ ਉਸਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਵੱਲੋਂ ਮੈਂਗਲ ਸਿੰਘ ਦੀ ਮੌਤ ਹੋਣ ਦਾ ਕਾਰਨ ਲਗਾਤਾਰ ਚਿੱਟੇ ਦਾ ਸੇਵਨ ਕਰਨਾ ਅਤੇ ਹੁਣ ਜ਼ਿਆਦਾ ਡੋਜ਼ ਦਾ ਟੀਕਾ ਲਗਾਉਣਾ ਦੱਸਿਆ ਜਾ ਰਿਹਾ ਹੈ ।ਬੀਤੀ ਕੱਲ ਮ੍ਰਿਤਕ ਦਾ ਜਗਾ ਪਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਬੱਚੇ, ਮਾਂ-ਪਿਓ, ਇਕ ਭਰਾ ਅਤੇ ਤਿੰਨ ਭੈਣਾ ਛੱਡ ਗਿਆ ਹੈ ।

ਜ਼ੀਰਾ (ਅਕਾਲੀਆਂ ਵਾਲਾ) : ਇਸ ਤੋਂ ਇਲਾਵਾ ਜ਼ੀਰਾ ਵਿਧਾਨ ਸਭਾ ਹਲਕੇ ਦੇ ਪਿੰਡ ਕਿਲੀ ਨੌਂ ਆਬਾਦ ਵਿਖੇ ਵੀ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਨਛੱਤਰ ਸਿੰਘ (32) ਪੁੱਤਰ ਅਨੂਪ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਨਛੱਤਰ ਸਿੰਘ ਦੇ ਪਿਤਾ ਅਨੂਪ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਿਛਲੇ ਤਿੰਨ ਚਾਰ ਸਾਲ ਤੋਂ ਬੀਮਾਰ ਹੈ। ਨਛੱਤਰ ਸਿੰਘ ਪਹਿਲਾ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਤੇ ਬਾਅਦ 'ਚ ਉਹ ਇਕ ਪੈਟਰੋਲ ਪੰਪ 'ਤੇ ਨੌਕਰੀ ਕਰਨ ਲੱਗਾ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਮਨਜੀਤ ਕੌਰ ਬੇਟੀ ਰਵਨੀਤ ਕੌਰ (11) ਬੇਟਾ ਗੁਰੂ ਅੰਸ਼ ਸਿੰਘ (7) ਨੂੰ ਛੱਡ ਗਿਆ।

Gurminder Singh

This news is Content Editor Gurminder Singh