ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 90 ਹਜ਼ਾਰ

Tuesday, Aug 01, 2017 - 12:39 AM (IST)

ਮੋਗਾ,  (ਆਜ਼ਾਦ)-  ਬਸਤੀ ਗੋਬਿੰਦਗੜ੍ਹ ਮੋਗਾ ਨਿਵਾਸੀ ਰਜਿੰਦਰ ਕੁਮਾਰ ਸ਼ਰਮਾ ਦੇ ਬੇਟੇ ਅਤੇ ਉਸ ਦੀ ਨੂੰਹ ਨੂੰ ਟਰੈਵਲ ਏਜੰਟ ਵੱਲੋਂ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 90 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਕੀ ਹੈ ਮਾਮਲਾ 
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਰਜਿੰਦਰ ਕੁਮਾਰ ਸ਼ਰਮਾ ਪੁੱਤਰ ਲਾਲ ਚੰਦ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਪਵਨ ਕੁਮਾਰ ਅਤੇ ਨੂੰਹ ਨੂੰ ਕੈਨੇਡਾ ਭੇਜਣ ਲਈ ਪ੍ਰਾਈਮ ਥਿੰਕ ਇਮੀਗ੍ਰੇਸ਼ਨ ਸੋਢੀ ਨਗਰ ਸੰਚਾਲਕ ਗੁਰਪ੍ਰੀਤ ਸਿੰਘ ਉਰਫ ਗੋਲਡੀ ਨਾਲ 23 ਫਰਵਰੀ, 2015 ਨੂੰ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਜਲਦ ਹੀ ਉਕਤ ਦੋਵਾਂ ਨੂੰ ਕੈਨੇਡਾ ਭੇਜ ਦੇਵੇਗਾ, ਜਿਸ 'ਤੇ ਸਾਢੇ 9 ਲੱਖ ਰੁਪਏ ਖਰਚ ਆਵੇਗਾ ਤੇ ਸਾਢੇ 4 ਲੱਖ ਰੁਪਏ ਵੀਜ਼ਾ ਲੱਗਣ ਤੋਂ ਬਾਅਦ ਅਤੇ 5 ਲੱਖ ਰੁਪਏ ਕੈਨੈਡਾ ਪਹੁੰਚਣ 'ਤੇ ਦੇਣ ਦੀ ਗੱਲ ਤੈਅ ਹੋਈ। ਅਸੀਂ ਉਕਤ ਟਰੈਵਲ ਏਜੰਟ 'ਤੇ ਭਰੋਸਾ ਕਰ ਕੇ ਉਸ ਨੂੰ ਦੋਵਾਂ ਦੇ ਪਾਸਪੋਰਟ, ਦਸਤਾਵੇਜ਼ ਤੇ ਹੋਰ ਜ਼ਰੂਰੀ ਕਾਗਜ਼ਾਤ ਦੇਣ ਤੋਂ ਇਲਾਵਾ 90 ਹਜ਼ਾਰ ਰੁਪਏ ਵੀ ਦੇ ਦਿੱਤੇ ਪਰ ਇਸ ਤੋਂ ਬਾਅਦ ਉਹ ਟਾਲ-ਮਟੋਲ ਕਰਨ ਲੱਗ ਪਿਆ ਤੇ ਉਸ ਨੇ ਪੈਸੇ ਦੇਣ ਤੋਂ ਹੀ ਇਨਕਾਰ ਕਰ ਦਿੱਤਾ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ 'ਤੇ ਐਂਟੀ-ਫਰਾਡ ਸੈੱਲ ਮੋਗਾ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਗਏ। ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਕਥਿਤ ਦੋਸ਼ੀ ਟਰੈਵਲ ਏਜੰਟ ਗੁਰਪ੍ਰੀਤ ਸਿੰਘ ਗੋਲਡੀ ਪੁੱਤਰ ਰੇਸ਼ਮ ਸਿੰਘ ਨਿਵਾਸੀ ਸੂਰਜ ਨਗਰ ਉੱਤਰੀ ਜ਼ੀਰਾ ਰੋਡ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੋਹਕਮ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਉਕਤ ਟਰੈਵਲ ਏਜੰਟ ਖਿਲਾਫ ਕਈ ਮਾਮਲੇ ਧੋਖਾਦੇਹੀ ਦੇ ਦਰਜ ਹਨ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News