9600 ਤੋਂ ਵੱਧ ਨੌਜਵਾਨਾਂ ਨੇ ਆਪਣੇ ਨਾਂ ਵੋਟਰ ਸੂਚੀ ''ਚ ਦਰਜ ਕਰਵਾਏ

07/24/2017 4:36:52 AM

ਅੰਮ੍ਰਿਤਸਰ,   (ਨੀਰਜ)-   18 ਤੋਂ 21 ਸਾਲ ਦੇ ਨੌਜਵਾਨਾਂ ਦਾ ਨਾਂ ਵੋਟਰ ਸੂਚੀ 'ਚ ਸ਼ਾਮਿਲ ਕਰਨ ਦੇ ਮਕਸਦ ਨਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਅੱਜ ਜ਼ਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਬੂਥ ਪੱਧਰ 'ਤੇ ਵਿਸ਼ੇਸ਼ ਕੈਂਪ ਲਾਏ ਗਏ। ਇਸ ਬਾਰੇ ਵਧੀਕ ਜ਼ਿਲਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਦੱਸਿਆ ਕਿ 11 ਵਿਧਾਨ ਸਭਾ ਹਲਕਿਆਂ ਦੇ 1970 ਬੂਥਾਂ 'ਤੇ ਬੀ. ਐੱਲ. ਓਜ਼ ਵੱਲੋਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਆਮ ਜਨਤਾ ਤੇ ਵੋਟਰਾਂ ਕੋਲੋਂ ਦਾਅਵੇ ਤੇ ਇਤਰਾਜ਼ ਦੇ ਫਾਰਮ ਭਰਵਾਏ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਜ਼ਿਲੇ 'ਚ 9676 ਨੌਜਵਾਨਾਂ ਨੇ ਆਪਣੇ ਨਾਂ ਵੋਟਰ ਸੂਚੀ ਵਿਚ ਦਰਜ ਕਰਵਾਏ ਹਨ, ਜਦਕਿ 2092 ਫਾਰਮ ਵੋਟਾਂ ਕੱਟਣ ਦੇ ਪ੍ਰਾਪਤ ਹੋਏ। ਇਸੇ ਤਰ੍ਹਾਂ 2041 ਵੋਟਰਾਂ ਨੇ ਵੋਟਰ ਸੂਚੀ ਵਿਚ ਆਪਣਾ ਨਾਂ, ਪਤਾ ਆਦਿ ਠੀਕ ਕਰਵਾਉਣ ਲਈ ਬੂਥਾਂ 'ਤੇ ਪਹੁੰਚ ਕੀਤੀ ਅਤੇ ਫਾਰਮ ਭਰੇ।  ਉਨ੍ਹਾਂ ਦੱਸਿਆ ਕਿ ਮੇਰੇ ਸਮੇਤ ਹਰ ਹਲਕੇ ਦੇ ਰਿਟਰਨਿੰਗ ਅਧਿਕਾਰੀ ਵੱਲੋਂ ਪੋਲਿੰਗ ਸਟੇਸ਼ਨ 'ਤੇ ਚੱਲ ਰਹੀ ਕਾਰਵਾਈ ਦਾ ਮੁਆਇਨਾ ਕੀਤਾ ਗਿਆ। ਹਰੇਕ ਬੂਥ 'ਤੇ ਵੋਟਾਂ ਬਣਾਉਣ ਅਤੇ ਸੋਧਣ ਦਾ ਕੰਮ ਜਾਰੀ ਰਿਹਾ ਅਤੇ ਬੀ. ਐੱਲ. ਓਜ਼ ਹਰੇਕ ਦਾ ਫਾਰਮ ਪ੍ਰਾਪਤ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਬੀ. ਐੱਲ. ਓਜ਼ ਦੀ ਹਾਜ਼ਰੀ ਦਾ ਮੁਆਇਨਾ ਕੀਤਾ ਗਿਆ ਤੇ ਆਮ ਜਨਤਾ ਜੋ ਕਿ ਇਤਰਾਜ਼ ਦੇਣ ਆਈ ਸੀ, ਨਾਲ ਵੀ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਦੱਖਣੀ ਦੇ ਕਈ ਬੂਥਾਂ ਦਾ ਦੌਰਾ ਵੀ ਕੀਤਾ।
ਉਨ੍ਹਾਂ ਬੀ. ਐੱਲ. ਓਜ਼ ਦੀ ਹਾਜ਼ਰੀ ਅਤੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਵਿਸ਼ੇਸ਼ ਕੈਂਪ ਇਸ ਵਾਰ ਦੀ ਮੁਹਿੰਮ ਵਿਚ ਨਹੀਂ ਲੱਗਣਗੇ ਪਰ 31 ਜੁਲਾਈ ਤੱਕ ਇਹ ਕੰਮ ਜਾਰੀ ਹੈ, ਜੋ ਵੀ ਵੋਟਰ ਰਹਿ ਗਏ ਹੋਣ ਆਪਣੇ ਬੀ. ਐੱਲ. ਓ. ਨਾਲ ਸੰਪਰਕ ਕਰ ਕੇ ਆਪਣਾ ਨਾਂ ਵੋਟਰ ਸੂਚੀ ਵਿਚ ਦਰਜ ਕਰਵਾ ਸਕਦੇ ਹਨ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਇਸ ਮੌਕੇ ਨੂੰ ਅਜਾਈਂ ਨਾ ਜਾਣ ਦੇਣ ਅਤੇ ਵੱਧ ਤੋਂ ਵੱਧ ਨਾਂ ਵੋਟਰ ਸੂਚੀ ਵਿਚ ਦਰਜ ਕਰਵਾਉਣ।