ਆਊਟਸੋਰਸਜ਼ ਕਰਮਚਾਰੀਆਂ ਨੇ ਨਗਰ ਨਿਗਮ ਮੂਹਰੇ ਦਿੱਤਾ ਧਰਨਾ

11/25/2017 4:38:26 AM

ਫਗਵਾੜਾ, (ਜਲੋਟਾ, ਰੁਪਿੰਦਰ ਕੌਰ)— ਨਗਰ ਨਿਗਮ ਵਿਚ ਅੱਜ ਠੇਕੇਦਾਰ ਵਲੋਂ ਆਊਟਸੋਰਸ ਕਰਕੇ ਰੱਖੇ ਗਏ ਕਰੀਬ 50 ਕਰਮਚਾਰੀਆਂ, ਜਿਨ੍ਹਾਂ ਦਾ ਠੇਕਾ ਸਮਾਪਤ ਹੋਣ ਦੇ ਬਾਅਦ ਨਿਗਮ ਪੱਧਰ 'ਤੇ ਕੰਮ ਤੋਂ ਮੁਕਤ ਕਰ ਦਿੱਤਾ ਗਿਆ ਹੈ, ਨੇ ਰੋਸ ਧਰਨਾ ਦੇ ਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਨਗਰ ਨਿਗਮ ਤੁਰੰਤ ਨੌਕਰੀ 'ਤੇ ਬਹਾਲ ਕਰੇ। ਇਸ ਦੌਰਾਨ ਦੇਰ ਰਾਤ ਵਾਪਰੇ ਘਟਨਾਚੱਕਰ ਦੇ ਚਲਦੇ ਅਜਿਹੀਆਂ ਸੂਚਨਾਵਾਂ ਵੀ ਮਿਲੀਆਂ ਕਿ ਉਕਤ ਕਰਮਚਾਰੀਆਂ ਨੂੰ ਅਗਲੇ ਹੁਕਮਾਂ ਤਕ ਆਪਣੀ ਪੁਰਾਣੀ ਨੌਕਰੀ 'ਤੇ ਬਹਾਲ ਕਰ ਦਿੱਤਾ ਗਿਆ ਹੈ। ਜਗ ਬਾਣੀ ਨਾਲ ਗੱਲਬਾਤ ਦੌਰਾਨ ਮੇਅਰ ਅਰੁਣ ਖੋਸਲਾ ਨੇ ਦਾਅਵਾ ਕੀਤਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨਾਲ ਫੋਨ 'ਤੇ ਗੱਲ ਹੋ ਗਈ ਹੈ ਤੇ ਸਾਰੇ ਕਰਮਚਾਰੀ ਬਹਾਲ ਕਰ ਦਿੱਤੇ ਗਏ ਹਨ। ਇਸ ਦੌਰਾਨ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨੇ ਜਦੋਂ 'ਜਗ ਬਾਣੀ' ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਅਰ ਵਲੋਂ ਲਿਖਤ ਪੱਤਰ ਦੇ ਬਾਅਦ ਹੀ ਅਜਿਹੀ ਕਿਸੇ ਨਿਰਣੇ 'ਤੇ ਟਿੱਪਣੀ ਕਰਨਗੇ। ਹੁਣ ਤੱਕ ਮੇਅਰ ਵਲੋਂ ਲਿਖਤ ਰੂਪ ਵਿਚ ਉਨ੍ਹਾਂ ਨੂੰ ਕੁਝ ਭੇਜਿਆ ਨਹੀਂ ਗਿਆ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਬਤੌਰ ਕਮਿਸ਼ਨਰ ਉਕਤ ਮਾਮਲੇ ਵਿਚ ਕਰਮਚਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਪੱਧਰ 'ਤੇ ਪੰਜਾਬ ਸਰਕਾਰ ਨੂੰ ਤੈਅਸ਼ੁਦਾ ਠੇਕੇ ਨੂੰ 25 ਫੀਸਦੀ ਵਧਾਉਣ ਦੀ ਸਿਫਾਰਸ਼ ਕਰ ਦਿੱਤੀ ਹੈ। ਇਸ ਨਾਲ ਉਕਤ ਕਰਮਚਾਰੀਆਂ ਨੂੰ ਕੁਝ ਰਾਹਤ ਮਿਲੀ ਹੈ ਪਰ ਇਸ ਮੁੱਦੇ ਨੂੰ ਲੈ ਕੇ ਅੰਤਿਮ ਨਿਰਣੇ ਪੰਜਾਬ ਸਰਕਾਰ ਨੇ ਲੈਣਾ ਹੈ ਤੇ ਜਦ ਤੱਕ ਮੇਅਰ ਨਿਗਮ ਹਾਊਸ ਦੀ ਬੈਠਕ ਵਿਚ ਠੇਕੇ ਨੂੰ ਵਧਾਉਣ ਲਈ ਪਾਸ ਨਹੀਂ ਕਰਵਾਉਂਦੇ, ਤਦ ਤੱਕ ਕੁਝ ਵੀ ਅਧਿਕਾਰਤ ਤੌਰ 'ਤੇ ਕਹਿਣਾ ਠੀਕ ਨਹੀਂ ਹੋਵੇਗਾ। 
ਇਹ ਪੰਜਾਬ ਸਰਕਾਰ ਦੀ ਲਾਈਬਿਲਟੀ ਨਹੀਂ ਹੈ : ਲੱਧੜ
ਗੱਲਬਾਤ ਦੌਰਾਨ ਪੰਜਾਬ ਸਰਕਾਰ ਵਿਚ ਸਕੱਤਰ ਐੱਸ. ਆਰ. ਲੱਧੜ ਨੇ ਸਾਫ ਕਿਹਾ ਕਿ ਆਊਟਸੋਰਸ ਕਰਕੇ ਰੱਖੇ ਗਏ ਕਿਸੇ ਵੀ ਨਿਗਮ ਕਰਮਚਾਰੀ ਨੂੰ ਪੱਕੀ ਨੌਕਰੀ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੈ। ਇਸਨੂੰ ਲੈ ਕੇ ਸਰਕਾਰ 'ਤੇ ਕੋਈ ਦਬਾਅ ਨਹੀਂ ਬਣਾਇਆ ਜਾਵੇਗਾ। ਇਹ ਸਾਬਕਾ ਬਾਦਲ ਸਰਕਾਰ ਦੀ ਨੀਤੀ ਰਹੀ ਹੈ ਕਿ ਨਿਗਮਾਂ ਤੇ ਹੋਰ ਜਗ੍ਹਾ 'ਤੇ ਠੇਕੇ ਸਿਸਟਮ ਦੇ ਤਹਿਤ ਆਊਟਸੋਰਸ ਕਰਕੇ ਕਰਮਚਾਰੀਆਂ ਨੂੰ ਰੱਖ ਲਿਆ ਜਾਵੇ।