36 ਮਹੀਨਿਆਂ ਬਾਅਦ ਸਾਡੀ ਸਰਕਾਰ ਨਹੀਂ ਰਹਿਣੀ : ਰਾਣਾ ਗੁਰਜੀਤ

06/28/2018 6:26:44 AM

ਚੰਡੀਗੜ੍ਹ (ਭੁੱਲਰ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਮੰਨੇ ਜਾਂਦੇ ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਵਲੋਂ ਅੱਜ ਨਸ਼ਿਆਂ ਦੇ ਮੁੱਦੇ 'ਤੇ ਦਿੱਤੇ ਗਏ ਬਿਆਨ ਦੀ ਸਿਆਸੀ ਹਲਕਿਆਂ ਵਿਚ ਖੂਬ ਚਰਚਾ ਹੈ। ਵਿਰੋਧੀ ਪਾਰਟੀਆਂ ਵਿਚ ਹੀ ਇਸ ਬਿਆਨ ਨੂੰ ਲੈ ਕੇ ਚਰਚਾ ਨਹੀਂ ਹੋ ਰਹੀ ਬਲਕਿ ਕਾਂਗਰਸ ਅੰਦਰ ਵੀ ਇਸ ਬਿਆਨ ਉਤੇ ਪਾਰਟੀ ਆਗੂ ਹੈਰਾਨੀ ਜਤਾ ਰਹੇ ਹਨ। ਅੱਜ ਰਾਣਾ ਗੁਰਜੀਤ ਨੇ ਚੰਡੀਗੜ੍ਹ ਵਿਚ ਇਕ ਪ੍ਰਮੁੱਖ ਪੰਜਾਬੀ ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਖੁੱਲ੍ਹੇਆਮ ਆਪਣੀ ਸਰਕਾਰ ਦੀ ਹੀ ਕਾਰਜਸ਼ੈਲੀ 'ਤੇ ਨਿਸ਼ਾਨੇ ਸਾਧਦਿਆਂ ਖੂਬ ਰਗੜੇ ਲਾਏ। ਭਾਵੇਂ ਕਿ ਇਹ ਬਿਆਨ ਸਿੱਧਾ ਪ੍ਰਸਾਰਿਤ ਹੋ ਜਾਣ ਤੋਂ ਬਾਅਦ ਉਹ ਕੁੱਝ ਨਰਮ ਪੈ ਗਏ ਤੇ ਉਨ੍ਹਾਂ ਆਪਣੇ ਬਿਆਨ ਨੂੰ ਸਰਕਾਰ ਦੀ ਨੁਕਤਾਚੀਨੀ ਦੀ ਜਗ੍ਹਾ ਸਿਰਫ਼ ਇਕ ਘਟਨਾ ਨਾਲ ਸਬੰਧਤ ਮਾਮਲਾ ਦੱਸਿਆ।
ਰਾਣਾ ਗੁਰਜੀਤ ਨੇ ਅੱਜ ਚੰਡੀਗੜ੍ਹ ਵਿਚ ਇਕ ਟੀ. ਵੀ. ਚੈਨਲ 'ਤੇ ਗੱਲਬਾਤ ਦੌਰਾਨ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਉਪਰ ਨਸ਼ਿਆਂ ਦੇ ਮਾਮਲੇ ਵਿਚ ਗੰਭੀਰ ਦੋਸ਼ ਲਾਏ ਤੇ ਕਿਹਾ ਕਿ ਉਨ੍ਹਾਂ ਨੇ ਇਸ ਅਧਿਕਾਰੀ ਦੀ ਸ਼ਿਕਾਇਤ ਆਪਣੇ ਮੰਤਰੀ ਹੋਣ ਸਮੇਂ ਹੀ ਕੀਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਰਾਣਾ ਦਾ ਕਹਿਣਾ ਸੀ ਕਿ ਸਾਡੀ ਕੋਈ ਨਹੀਂ ਸੁਣਦਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਰਕਾਰ ਬਣੇ ਨੂੰ 15 ਮਹੀਨੇ ਦਾ ਸਮਾਂ ਹੋ ਗਿਆ ਹੈ ਤੇ 36 ਮਹੀਨਿਆਂ ਬਾਅਦ ਸਾਡੀ ਸਰਕਾਰ ਨਹੀਂ ਰਹਿਣੀ। ਟੀ. ਵੀ. ਤੋਂ ਬਾਅਦ ਚਰਚਾ ਛਿੜਨ 'ਤੇ ਰਾਣਾ ਗੁਰਜੀਤ ਨੇ ਆਪਣੀ ਸੁਰ ਨੂੰ ਨਰਮ ਕਰਦਿਆਂ ਕਿਹਾ ਕਿ ਸਰਕਾਰ 'ਚ ਸੁਣਵਾਈ ਨਾ ਹੋਣ ਦੀ ਗੱਲ ਉਨ੍ਹਾਂ ਇਕ ਅਧਿਕਾਰੀ ਦੇ ਮਾਮਲੇ ਵਿਚ ਕਾਰਵਾਈ ਨਾ ਹੋਣ ਬਾਰੇ ਕਹੀ ਹੈ।  ਰਾਣਾ ਗੁਰਜੀਤ ਦੇ ਇਸ ਬਿਆਨ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਤੀਕਿਰਿਆ ਦਿੱਤੀ ਕਿ ਰਾਣਾ ਉਦੋਂ ਕਿਉਂ ਨਹੀਂ ਬੋਲੇ, ਜਦ ਉਹ ਖੁਦ ਮੰਤਰੀ ਸਨ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਤੋਂ ਅਜਿਹੇ ਬਿਆਨ ਦੀ ਉਮੀਦ ਨਹੀਂ ਸੀ।
ਕਪੂਰਥਲਾ ਜ਼ਿਲੇ ਨਾਲ ਸਬੰਧਤ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਰਾਣਾ ਗੁਰਜੀਤ ਦੀ ਸੁਰ 'ਚ ਸੁਰ ਮਿਲਾਉਂਦਿਆਂ ਕਿਹਾ ਕਿ ਜੋ ਮੁੱਦਾ ਉਨ੍ਹਾਂ ਵਲੋਂ ਉਠਾਇਆ ਗਿਆ ਹੈ, ਉਸ 'ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਾਵੇਂ ਰਾਣਾ ਨਾਲ ਉਨ੍ਹਾਂ ਦੇ ਲੱਖ ਮਤਭੇਦ ਹੋਣ ਪਰ ਉਸ ਦੇ ਬਿਆਨ ਨੇ ਸਾਬਿਤ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਨਸ਼ਿਆਂ ਨੂੰ ਰੋਕਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਰਾਣਾ ਦੇ ਬਿਆਨ ਤੋਂ ਬਾਅਦ ਸਾਡੇ ਵਲੋਂ ਨਸ਼ਿਆਂ ਸਬੰਧੀ ਲਾਏ ਜਾਂਦੇ ਦੋਸ਼ਾਂ ਦੀ ਪੁਸ਼ਟੀ ਹੋਈ ਹੈ।
ਇਸੇ ਦੌਰਾਨ ਅਕਾਲੀ ਦਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਰਾਣਾ ਗੁਰਜੀਤ ਦੇ ਬਿਆਨ 'ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਮੰਗਿਆ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਜੋ ਵਿਚਾਰ ਪੰਜਾਬ ਵਿਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਸਬੰਧੀ ਰਾਣਾ ਗੁਰਜੀਤ ਸਿੰਘ ਵਲੋਂ ਪ੍ਰਗਟ ਕੀਤੇ ਗਏ ਹਨ ਉਨ੍ਹਾਂ ਨੂੰ ਸੁਣ ਕੇ ਹਰ ਵਿਅਕਤੀ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਇਹ ਵਿਚਾਰ ਪੰਜਾਬ ਵਿਚ ਕਾਂਗਰਸ ਰਾਜ ਦੇ ਬੁਰੀ ਤਰ੍ਹਾਂ ਫੇਲ ਹੋ ਜਾਣ ਅਤੇ ਸੂਬੇ ਵਿਚ ਜੰਗਲ ਰਾਜ ਹੋਣ ਦਾ ਪੁਖਤਾ ਸਬੂਤ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਖੁਦ ਹੀ ਪਾਸੇ ਹੋ ਜਾਣਾ ਚਾਹੀਦਾ ਹੈ।