ਡਿੱਠੇ ਸਭੈ ਥਾਵ ਨਹੀ ਤੁਧੁ ਜੇਹਿਆ : ਹੋਰ ਦਸੂਣੀ ਹੋਵੇਗੀ ਸ੍ਰੀ ਹਰਿਮੰਦਰ ਸਾਹਿਬ ''ਤੇ ਲੱਗੇ ਸੋਨੇ ਦੀ ਚਮਕ

07/23/2016 2:43:02 PM

ਅੰਮ੍ਰਿਤਸਰ— ਅੰਮ੍ਰਿਤਸਰ ਦੀ ਪਵਿੱਤਰ ਧਰਤੀ ''ਤੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ''ਤੇ ਲੱਗੇ ਸੋਨੇ ਦੀ ਚਮਕ ਹੋਰ ਦਸੂਣੀ ਹੋਵੇਗੀ। ਇਸ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਨੇ ਦੀ ਧੁਆਈ ਕਰਾਉਣ ਦਾ ਫੈਸਲਾ ਲਿਆ ਹੈ। ਇਸ ਸੰਬੰਧੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਬਰਮਿੰਘਮ ਨੂੰ ਦਿੱਤੀ ਗਈ ਹੈ। ਇਹ ਫੈਸਲਾ, ਬੀਤੇ ਕੱਲ੍ਹ ਗੁਰਦੁਆਰਾ ਦੇਗਸਰ ਕਟਾਣਾ ਵਿਖੇ ਹੋਈ ਬੈਠਕ ''ਚ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਕਾਰਨ ਮੁੱਖ ਇਮਾਰਤ ''ਤੇ ਲੱਗੇ ਸੋਨੇ ਅਤੇ ਪੱਥਰ ਦਾ ਰੰਗ ਪ੍ਰਭਾਵਿਤ ਹੋ ਰਿਹਾ ਹੈ। ਪ੍ਰਦੂਸ਼ਣ ਦੀ ਰੋਕਥਾਮ ਲਈ ਹਾਲ ਹੀ ''ਚ ਇੱਥੇ ਪ੍ਰਦੂਸ਼ਣ ਮਾਪਕ ਯੰਤਰ ਵੀ ਲਗਾਇਆ ਗਿਆ ਹੈ।

ਬੈਠਕ ''ਚ ਕੀਤੇ ਗਏ ਫੈਸਲੇ ਬਾਰੇ ਸ਼ੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ''ਤੇ ਲੱਗੇ ਸੋਨੇ ਦੀ ਚਮਕ ਦੀ ਵਪਾਸੀ ਵਾਸਤੇ ਇਸ ਦੀ ਧੁਆਈ ਕਰਵਾਈ ਜਾਵੇਗੀ। ਇਸ ਸੰਬੰਧੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਗਲੈਂਡ ਆਧਾਰਿਤ ਇਸ ਸਿੱਖ ਜੱਥੇਬੰਦੀ ਵੱਲੋਂ ਹੀ 1999 ''ਚ ਸੋਨੇ ਦੀ ਸੇਵਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਗਲੇ ਡੇਢ ਮਹੀਨੇ ''ਚ ਧੁਆਈ ਦੀ ਸੇਵਾ ਸ਼ੁਰੂ ਹੋ ਜਾਵੇਗੀ। ਇਹ ਧੁਆਈ ਰੀਠੇ ਦੇ ਪਾਣੀ ਨਾਲ ਕੀਤੀ ਜਾਵੇਗੀ, ਜਿਸ ਨਾਲ ਸੋਨੇ ਦੀ ਹਲਕੀ ਪੈ ਰਹੀ ਚਮਕ ਮੁੜ ਵਾਪਸ ਆ ਜਾਵੇਗੀ। ਇਸ ਧੁਆਈ ਨਾਲ ਸੋਨੇ ''ਤੇ ਜੰਮੀ ਧੂੜ ਦੀ ਪਰਤ ਵੀ ਹੱਟ ਜਾਵੇਗੀ। 
ਜ਼ਿਕਰਯੋਗ ਹੈ ਕਿ 1999 ''ਚ ਦੁਬਾਰਾ ਲਾਏ ਗਏ ਸੋਨੇ ਦੀ ਸੇਵਾ ਪੂਰੀ ਹੋਣ ਮਗਰੋਂ ਜਲਦੀ ਹੀ ਸੋਨੇ ਦਾ ਰੰਗ ਲਾਲ ਹੋਣ ਲੱਗ ਪਿਆ ਸੀ ਅਤੇ ਚਮਕ ਹਲਕੀ ਪੈਣ ਲੱਗ ਪਈ ਸੀ, ਜਿਸ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸੋਨੇ ਦੀ ਧੁਆਈ ਦੀ ਸੇਵਾ ਕਰਵਾਈ ਜਾ ਰਹੀ ਹੈ।